Punjab

ਭਗਵੰਤ ਮਾਨ ਨੇ ਫੋਕੀ ਟੌਹਰ ਵਾਲੇ ਲੀਡਰ ਛਾਂਗੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਪੌਣੇ 200 ਤੋਂ ਵੱਧ ਟੌਹਰ ਟੱਪੇ ਲਈ ਸੁਰੱਖਿਆ ਗਾਰਡ ਰੱਖਣ ਵਾਲੇ ਲੀਡਰਾਂ ਤੋਂ ਸਿਕਿਓਰਿਟੀ ਵਾਪਸ ਲੈ ਲਈ ਹੈ। ਇਨ੍ਹਾਂ ਵਿੱਚ ਸਾਬਕਾ ਮੰਤਰੀ, ਸਾਬਕਾ ਵਿਧਾਇਕਾਂ ਸਮੇਤ ਕਈ ਧਾਰਮਿਕ ਹਸਤੀਆਂ ਵੀ ਸ਼ਾਮਿਲ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰ ਬਣਨ ਦੇ ਦੂਜੇ ਦਿਨ ਵੀਆਈਪੀ ਦੀ ਸਿਕਿਓਰਿਟੀ ਉੱਤੇ ਕੱਟ ਲਾ ਦਿੱਤਾ ਸੀ। ਸਰਕਾਰ ਵਾਪਸ ਲਈ ਸੁਰੱਖਿਆ ਲੋਕਾਂ ਦੀ ਸੇਵਾ ਵਿੱਚ ਤਾਇਨਾਤ ਕਰੇਗੀ।

ਜਿਨ੍ਹਾਂ ਆਗੂਆਂ ਤੋਂ ਸੁਰੱਖਿਆ ਵਾਪਸ ਲਈ ਹੈ, ਉਨ੍ਹਾਂ ਵਿੱਚ ਕਈ ਮੰਤਰੀਆਂ ਦੇ ਪੁੱਤਰ ਅਤੇ ਪਰਿਵਾਰਕ ਮੈਂਬਰ ਵੀ ਦੱਸੇ ਜਾ ਰਹੇ ਹਨ। ਕਈ ਅਜਿਹੀਆਂ ਸ਼ਖਸੀਅਤਾਂ ਨੂੰ ਵੀ ਇਸ ਫੈਸਲੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਜਿਹੜੇ ਸਿਆਸਤ ਵਿੱਚ ਪੈਰ ਧਰਦੇ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਛੇ ਮੈਂਬਰਾਂ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਸ਼ਾਮਿਲ ਹਨ। ਦੂਜੇ ਰਾਜਸੀ ਆਗੂ ਜਿਨ੍ਹਾਂ ਦੀ ਸੁਰੱਖਿਆ ਉੱਤੇ ਕੱਟ ਲਾਇਆ ਗਿਆ ਹੈ, ਉਨ੍ਹਾਂ ਦੀ ਗਿਣਤੀ 184 ਦੱਸੀ ਗਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਨਾਂ ਵਿਸ਼ੇਸ਼ ਜ਼ਿਕਰਯੋਗ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ਼ ਸੈਕਟਰੀ ਰਹੇ ਮਰਹੂਮ ਵਾਈਐੱਸ ਰੱਤੜਾ ਦੇ ਪਰਿਵਾਰ ਤੋਂ ਵੀ ਸਿਕਿਓਰਿਟੀ ਵਾਪਸ ਲੈ ਲਈ ਗਈ ਹੈ। ਬਾਦਲ ਪਰਿਵਾਰ ਦੇ ਦਾਮਾਦ ਅਤੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਪਤਨੀ ਵੀ ਹੁਣ ਸਿਕਿਓਰਿਟੀ ਤੋਂ ਸੱਖਣੇ ਹੋ ਗਏ ਹਨ। ਇਸ ਕਤਾਰ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਸਹਿ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਵੀ ਜੁੜਦਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਦੀ ਸਿਕਿਓਰਿਟੀ ਵਾਪਸ ਲੈ ਲਈ ਗਈ ਹੈ।

ਦਿਲਚਸਪ ਗੱਲ ਇਹ ਹੈ ਕਿ ਇਸ ਸੂਚੀ ਵਿਚ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੂੰ ਅਕਾਲੀ ਆਗੂ ਦੱਸਿਆ ਗਿਆ ਹੈ ਜਦੋਂ ਕਿ ਉਹ ਆਮ ਆਦਮੀ ਪਾਰਟੀ ਦੇ ਆਗੂ ਹਨ। ਇਸੇ ਤਰੀਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ 3 ਗੰਨਮੈਨ ਵਾਪਸ ਲੈਣ ਦੀ ਗੱਲ ਕੀਤੀ ਗਈ ਹੈ ਜਦੋਂ ਕਿ ਉਹਨਾਂ ਕੋਲ ਸਿਰਫ਼ ਇਕ ਗੰਨਮੈਨ ਸੀ ਜੋ ਵਾਪਸ ਸੱਦ ਲਿਆ ਗਿਆ ਹੈ।