‘ਦ ਖ਼ਾਲਸ ਬਿਊਰੋ : ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਨਜਾਇਜ਼ ਕਬਜਿਆਂ ਖਿਲਾਫ਼ ਪੰਜਾਬ ਸਰਕਾਰ ਪੂਰੀ ਸਖਤੀ ਦੇ ਰੌਂਅ ਵਿੱਚ ਹੈ। ਧਾਲੀਵਾਲ ਨੇ ਕਿਹਾ ਅਸੀਂ 12 ਦਿਨਾਂ ‘ਚ ਸਰਕਾਰ ਦੀ ਨਜਾਇਜ਼ ਕਬਜ਼ਿਆਂ ਹੇਠੋਂ 1008 ਏਕੜ ਜ਼ਮੀਨ ਛੁਡਵਾਈ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰੀ ਜਾਂ ਪੰਚਾਇਤੀ ਜ਼ਮੀਨਾਂ ‘ਤੇ ਨਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ 31 ਮਈ ਤੱਕ ਕਬਜ਼ੇ ਛੱਡਣ ਦੀ ਚੇਤਾਵਨੀ ਦਿੱਤੀ ਸੀ। ਮੁੱਖ ਮੰਤਰੀ ਮਾਨ ਦੇ ਇਸ ਬਿਆਨ ਦਾ ਅਸਰ ਇਹ ਹੋਇਆ ਕਿ ਲੋਕ ਕਬਜ਼ਾ ਛੱਡਣ ਲਈ ਕਾਹਲੇ ਪੈਣ ਲੱਗੇ ਹਨ।
ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੀ ਸੀ। ਉਸੇ ਦੀ ਚੱਲ ਰਹੀਆਂ ਸਰਕਾਰੀ ਜਾਇਦਾਦਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਰਕਾਰ ਦੀ ਆਮਦਨ ਨੂੰ ਵਧਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਛਲੇੜੀ ਕਲਾਂ ਵਾਸੀਆਂ ਨੇ 417 ਏਕੜ ਪੰਚਾਇਤੀ ਜ਼ਮੀਨ ਖ਼ੁਦ ਸਰਕਾਰ ਦੇ ਹਵਾਲੇ ਕਰਕੇ ਪੰਜਾਬ ਭਰ ਵਿੱਚੋਂ ਮੋਹਰੀ ਮਿਸਾਲ ਕਾਇਮ ਕਰ ਦਿੱਤੀ ਹੈ ।
ਇਸਦੇ ਨਾਲ ਧਾਲੀਵਾਲ ਨੇ ਕਿਹਾ ਕਿ ਦੁਆਬੇ ਵਿੱਚੋਂ ਇੱਕ ਹੋਰ ਕਿਸਾਨ ਨੇ 35 ਏਕੜ ਜ਼ਮੀਨ ਸਰਕਾਰ ਲਈ ਛੱਡ ਦਿੱਤੀ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਸ਼ਿਆਰਪੁਰ ਦੇ ਪੱਟੀ ਪਿੰਡ ਦੇ ਕਿਸਾਨ ਨੇ ਸਰਕਾਰ ਦੀ 35 ਏਕੜ ਜ਼ਮੀਨ ਛੱਡ ਦਿੱਤੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹੁਣ ਤੱਕ 302 ਕਰੋੜ ਦੀ ਸਰਕਾਰੀ ਜ਼ਮੀਨ ਨਜਾਇਜ਼ ਕਬਜ਼ਿਆਂ ਚੋਂ ਛੁਡਵਾ ਲਈ ਹੈ। ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਅਗਵਾਈ ਹੇਠ ਸਰਕਾਰ ਦੀ ਜ਼ਮੀਨਾਂ ‘ਤੇ ਕਬਜ਼ੇ ਹੋਏ ਹਨ।
ਧਾਲੀਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਵੋਟਾਂ ਲੈਣ ਦੇ ਲਈ ਆਪਣੇ ਹਮਾਇਤੀਆਂ ਨੂੰ ਸਰਕਾਰੀ ਜ਼ਮੀਨਾਂ ‘ਤੇ ਕਬਜ਼ੇ ਕਰਵਾਏ। ਉਨ੍ਹਾਂ ਨੇ ਪੰਚਾਇਤੀ ਜ਼ਮੀਨਾਂ ਉਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜਿਹੜੇ ਵਿਅਕਤੀਆਂ ਨੇ ਸਰਕਾਰੀ ਜਾਂ ਪੰਚਾਇਤੀ ਜ਼ਮੀਨਾਂ ਤੇ ਨਾਜਇਜ਼ ਕਬਜ਼ੇ ਕੀਤੇ ਹੋਏ ਨੇ ਭਾਂਵੇ ਓਹ ਰਾਜਨੀਤਕ ਲੋਕ ਨੇ ਜਾਂ ਅਫਸਰ ਨੇ ਜਾਂ ਫੇਰ ਕੋਈ ਰਸੂਖਦਾਰ ਲੋਕ ਨੇ। ਉਨ੍ਹਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਤੋਂ ਪੰਜਾਬ ਨੂੰ ਲਾਹ ‘ਤੇ ਲਿਆਉਣ ਲਈ ਸਹਿਯੋਗ ਦੀ ਮੰਗ ਕੀਤੀ ਹੈ।