ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀਆਂ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਚੰਨੀ ਨੇ ਇਸ ਮਾਮਲੇ ਵਿੱਚ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਵਾਅਦਾ ਕਰਕੇ ਆਈ ਸੀ ਕਿ ਦੋਸ਼ੀਆਂ ਨੂੰ ਫੜਾਂਗੇ। ਵਿਸ਼ੇਸ਼ ਜਾਂਚ ਟੀਮ ਵੱਲੋਂ ਸੁਖਬੀਰ ਬਾਦਲ ਨੂੰ ਕੱਲ੍ਹ ਭੇਜਿਆ ਸੰਮਨ ਉਸੇ ਦੀ ਸ਼ੁਰੂਆਤ ਹੈ।
ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕੀਤੇ ਹੋਏ ਸਿਰ ਨਹੀਂ ਝੁਕਾ ਸਕਦੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਹੋਏ ਹਮਲਾ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਦੀ ਪੀੜ ਅਸੀ ਕਦੇ ਨਹੀਂ ਭੁੱਲ ਸਕਦੇ। ਧਾਲੀਵਾਲ ਨੇ ਅੱਗੇ ਕਿਹਾ ਕਿ ਕੋਟਕਪੂਰਾ ਗੋਲੀਕਾਂਡ ਵੇਲੇ ਪ੍ਰਕਾਸ਼ ਬਾਦਲ CM ਸਨ ਤੇ ਕੋਟਕਪੂਰਾ ‘ਚ ਲੋਕਾਂ ‘ਤੇ ਗੋਲੀਆਂ ਚਲਾਈਆਂ ਤੇ ਇਹ ਵੀ ਕਿਹਾ ਹਰ ਜੰਗ ਦਾ ਨੁਕਸਾਨ ਪੰਜਾਬ ਨੂੰ ਸਹਿਣਾ ਪਿਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਕੋਟਕਪੂਰਾ ਗੋਲੀਕਾਂਡ ਦਾ ਅੱਜ ਤੱਕ ਜਵਾਬ ਨਹੀਂ ਮਿਲਿਆ ਤੇ ਅਕਾਲੀ ਦਲ ਦੀ ਸਰਕਾਰ ‘ਚ ਗੋਲੀਆਂ ਚੱਲੀਆਂ ਸਨ। ਉਨ੍ਹਾਂ ਕਿਹਾ ਤਤਕਾਲੀ ਕਾਂਗਰਸ ਸਰਕਾਰ ਨੇ ਵੀ ਕੁਝ ਨਹੀਂ ਕੀਤਾ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਰਗਾੜੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇਗੀ ਤੇ ਕੋਟਕਪੂਰਾ ਗੋਲੀਕਾਂਡ ‘ਚ ਵੀ ਕਾਰਵਾਈ ਕਰੇਗੀ। ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਸਵਾਲ, ਕਰਦਿਆਂ ਕਿਹਾ ਕਿ ਕਿਸਦੇ ਹੁਕਮਾਂ ਨਾਲ ਗੋਲੀਆਂ ਚਲਾਈਆਂ ਗਈਆਂ ਸਨ ?।
ਉਨ੍ਹਾਂ ਕਿਹਾ ਜਦੋਂ ਬੇਅਦਬੀ ਹੋਈ ਤਾਂ ਸੁਖਬੀਰ ਉੱਥੇ ਕਿਉਂ ਨਹੀਂ ਗਏ? ਤੇ ਬੇਅਦਬੀ ਤੇ ਗੋਲੀਕਾਂਡ ਲਈ ਤਤਕਾਲੀ ਸਰਕਾਰ ਜ਼ਿੰਮੇਵਾਰ ਹਨ ਅਤੇ ਬੇਅਦਬੀ ਲਈ ਤਤਕਾਲੀ ਗ੍ਰਹਿ ਮੰਤਰੀ ਵੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਸ਼ਾਂਤਮਈ ਧਰਨੇ ‘ਤੇ ਬੈਠੇ ਲੋਕਾਂ ‘ਤੇ ਗੋਲੀ ਚਲਾਉਣਾ ਜ਼ੁਰਮ ਹੈ। ਧਾਲੀਵਾਲ ਨੇ ਕਿਹਾ ਬੇਅਦਬੀ ਦੇ ਦੋਸ਼ੀ ਮਹਿੰਦਰ ਦੀ ਜੇਲ੍ਹ ‘ਚ ਕਿਵੇਂ ਮੌਤ ਹੋਈ ? ਤੇ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਬਖ਼ਸ਼ਾਂਗੇ ਨਹੀਂ।
ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਜੇਕਰ ਉਹ ਕਾਰਵਾਈ ਕਰਦੇ ਤਾਂ ਬੇਅਦਬੀ ਕਰਨ ਵਾਲੇ ਫੜੇ ਜਾ ਸਕਦੇ ਸਨ। ਗੋਲੀ ਚਲਾਉਣ ਵਾਲੇ ਵੀ ਫੜੇ ਜਾ ਸਕਦੇ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਭ ਦੋਸ਼ੀਆਂ ਨੂੰ ਫੜ ਕੇ ਅੰਦਰ ਅੰਦਰ ਦੇਵੇਗੀ। ਭਾਵੇਂ ਥੋੜ੍ਹਾ ਸਮਾਂ ਲੱਗੇਗਾ, ਆਉਣ ਵਾਲੇ ਸਮੇਂ ਅੰਦਰ ਸਭ ਨਜ਼ਰ ਆਵੇਗਾ।
ਦੱਸ ਦਈਏ ਕਿ ਬੀਤੇ ਦਿਨੀਂ ਐਸਆਈਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 30 ਅਗਸਤ ਨੂੰ ਤਲਬ ਕੀਤਾ ਸੀ। ਉਹਨਾਂ ਨੂੰ 30 ਅਗਸਤ ਨੂੰ ਸਵੇਰੇ 10:30 ਵਜੇ ਐਸਆਈਟੀ ਅੱਗੇ ਪੇਸ਼ ਹੋਣ ਲਈ ਸੰਮਨ ਜਾਰੀ ਕਰ ਦਿੱਤੇ ਗਏ ਹਨ। ਅਕਤੂਬਰ 2015 ਵਿੱਚ ਕੋਟਕਪੂਰਾ ‘ਚ ਬੇਅਦਬੀ ਦੇ ਵਿਰੋਧ ‘ਚ ਪ੍ਰਦਰਸ਼ਨ ਕਰ ਰਹੇ ਸਿੱਖਾਂ ‘ਤੇ ਪੁਲਿਸ ਨੇ ਗੋਲੀ ਚਲਾ ਦਿੱਤੀ ਸੀ ਤੇ ਉਸ ਸਮੇਂ ਸੁਖਬੀਰ ਬਾਦਲ ਉਪ ਮੁੱਖ ਮੰਤਰੀ ਸਨ ਤੇ ਉਹਨਾਂ ਕੋਲੇ ਗ੍ਰਹਿ ਵਿਭਾਗ ਵੀ ਸੀ।