The Khalas Tv Blog Punjab ‘ਤਨਖਾਹਾਂ ਦਿੱਤੀਆਂ ਨਹੀਂ ਜਾ ਰਹੀਆਂ, ਫੇਰ ਕਿਸ ਲਈ ਮਾਨ ਸਰਕਾਰ ਨੇ ਹਫ਼ਤੇ ‘ਚ ਚੁੱਕਿਆ ਕਰੋੜਾਂ ਦਾ ਕਰਜ਼ਾ ’- ਦਲਜੀਤ ਚੀਮਾ
Punjab

‘ਤਨਖਾਹਾਂ ਦਿੱਤੀਆਂ ਨਹੀਂ ਜਾ ਰਹੀਆਂ, ਫੇਰ ਕਿਸ ਲਈ ਮਾਨ ਸਰਕਾਰ ਨੇ ਹਫ਼ਤੇ ‘ਚ ਚੁੱਕਿਆ ਕਰੋੜਾਂ ਦਾ ਕਰਜ਼ਾ ’- ਦਲਜੀਤ ਚੀਮਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ(Senior SAD leader Dr. Daljit Singh Cheema) ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਕਰਜ਼ੇ ਚੁੱਕ ਕੇ ਸਰਕਾਰ ਚਲਾਉਣ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਨੇ ਆਪਣੇ ਅਕਾਉਂਟ ਤੋਂ ਟਵੀਟ ਕਰਦਿਆਂ ਕਿਹਾ ਕਿ ‘ਇੱਕ ਹਫ਼ਤੇ ਵਿੱਚ ਪੰਜਾਬ ਸਰਕਾਰ 3500 ਕਰੋੜ ਦਾ ਨਵਾਂ ਕਰਜ਼ਾ ਲੈਂਦੀ। ਆਰਬੀਆਈ(RBI) ਦੇ ਇਸ਼ਤਿਹਾਰਾਂ ਅਨੁਸਾਰ 29 ਅਗਸਤ ਨੂੰ 2500 ਕਰੋੜ ਰੁਪਏ ਲਏ ਗਏ ਸਨ। 6 ਸਤੰਬਰ ਨੂੰ 1000 ਕਰੋੜ ਰੁਪਏ ਲਏ ਜਾਣਗੇ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਨੇ GST ਅਤੇ ਆਬਕਾਰੀ ਸੰਗ੍ਰਹਿ ਵਿੱਚ 24 ਅਤੇ 44% ਵਾਧੇ ਦਾ ਦਾਅਵਾ ਕੀਤਾ ਹੈ। ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ। ਫੇਰ ਪੰਜਾਬ ਸਰਕਾਰ ਕਿਸ ਲਈ ਵੱਧ ਤੋਂ ਵੱਧ ਲੋਨ ਲੈ ਰਿਹਾ ਹੈ।‘

ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਖਜ਼ਾਨੇ ਤੋਂ ਅਦਾਇਗੀਆਂ ’ਤੇ ਰੋਕ ਲਗਾਉਣ ਕਰਕੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਅਗਸਤ ਮਹੀਨੇ ਦੀ ਤਨਖਾਹ ਨਹੀਂ ਮਿਲ ਸਕੀ। ਪੰਜਾਬ ਸਰਕਾਰ ਨੇ ਸੂਬੇ ਦੀ ਵਿੱਤੀ ਸਥਿਤੀ ਵਿੱਚ ਲਗਾਤਾਰ ਸੁਧਾਰ ਦੇ ਦਾਅਵਿਆਂ ਦੌਰਾਨ ਇਹ ਰੋਕ ਲਗਾਈ ਹੈ। ਇਕ ਰਿਪੋਰਟ ਮੁਤਾਬਕ ਪੰਜਾਬ ਸਰਕਾਰ ਨੇ ਜਿੱਥੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕੀਆਂ ਹਨ, ਉਥੇ ਹੀ ਗੰਨਾ ਕਿਸਾਨਾਂ ਦੇ 75 ਕਰੋੜ ਰੁਪਏ ਦੀ ਅਦਾਇਗੀ ਵੀ ਰੁਕ ਗਈ ਹੈ। ਸਰਕਾਰ ਵੱਲੋਂ ਕਰਜ਼ਿਆਂ ’ਤੇ ਵਿਆਜ ਦੀ ਅਦਾਇਗੀ ਵਾਸਤੇ ਕਾਇਮ ਕੀਤੇ ਫੰਡ ਵਿਚ 3 ਹਜ਼ਾਰ ਕਰੋੜ ਰੁਪਏ ਜਮ੍ਹਾਂ ਕਰਾਉਣਾ ਲਾਜ਼ਮੀ ਹੋ ਗਿਆ ਸੀ, ਜਿਸ ਕਾਰਨ ਇਹ ਅਦਾਇਗੀ ਰੁਕੀ ਹੈ।

ਜਾਣਕਾਰੀ ਮੁਤਾਬਕ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਦੀ ਜਥੇਬੰਦੀ ਵੱਲੋਂ ਤਨਖਾਹ ਸਮੇਂ ਸਿਰ ਨਾ ਮਿਲਣ ਕਾਰਨ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਇਸਦੇ ਵਿਰੁੱਧ ਅੰਦੋਲਨ ਕਰਨ ਲਈ ਮਜ਼ਬੂਰ ਹੋ ਸਕਦੇ ਹਨ। ਸਰਕੀਰ ਵੱਲੋਂ ਸਾਲ 2019-20 ਵਿੱਚ ਕਾਇਮ ਕੀਤਾ ਗਿਆ ਇਹ ਫ਼ੰਡ ਮੁੱਖ ਤੌਰ ਉੱਤੇ ਕਰਜ਼ਿਆਂ ਉੱਤੇ ਵਿਆਜ ਦੀ ਅਦਾਇਗੀ ਲਈ ਹੈ ਜਿਸ ਵਿੱਚੋਂ ਉਪਰੋਕਤ ਅਦਾਇਗੀਆਂ ਹੁੰਦੀਆਂ ਰਹੀਆਂ ਹਨ ਪਰ ਇਨ੍ਹਾਂ ਅਦਾਇਗੀਆਂ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਕਾਰਨ ਭਾਰਤੀ ਰਿਜ਼ਰਵ ਬੈਂਕ ਵੱਲੋਂ ਸੂਬੇ ਲਈ ਅੱਗੇ ਤੋਂ ਕਰਜ਼ੇ ਲੈਣ ਲਈ ਪਾਬੰਦੀਆਂ ਲੱਗ ਸਕਦੀਆਂ ਹਨ।

ਪੰਜਾਬ ਸਰਕਾਰ ਲਈ ਚਿੰਤਾ ਵਾਲੀ ਗੱਲ ਇਹ ਹੈ ਕਿ ਸਰਕਾਰ ਨੂੰ ਪੈਟਰੋਲ ਤੋਂ ਪਿਛਲੇ ਸਾਲ ਦੇ ਮੁਕਾਬਲੇ 7 ਫੀਸਦੀ ਘੱਟ ਆਮਦਨ ਹੋਈ ਹੈ, ਉਥੇ ਹੀ ਜ਼ਮੀਨੀ ਮਾਲੀਏ ਤੋਂ ਆਮਦਨ ਵੀ 11 ਫੀਸਦੀ ਘਟੀ ਹੈ। ਜੀਐਸਟੀ ਤੋਂ ਆਮਦਨ ਵਿਚ 0.87 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਟੈਕਸ ਰੈਵੇਨਿਊ ਵਿਚ 11 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਭਗਵੰਤ ਮਾਨ ਸਰਕਾਰ ਨੂੰ ਕਰਜ਼ਿਆਂ ਦੀ ਅਦਾਇਗੀ ਵਾਸਤੇ ਕਰਜ਼ ਚੁੱਕਣਾ ਪੈ ਰਿਹਾ ਹੈ ਤੇ ਸਰਕਾਰ ਨੇ ਅਗਸਤ ਮਹੀਨੇ ਵਿਚ 2500 ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱਕਿਆ ਹੈ।
ਜਾਣਕਾਰੀ ਮੁਤਾਬਕ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਅਤੇ ਦੂਜੀਆਂ ਜ਼ਰੂਰੀ ਅਦਾਇਗੀਆਂ ਲਈ ਮਾਰਕਿਟ ਵਿੱਚੋਂ ਕਰਜ਼ਾ ਚੁੱਕਣ ਦੀਆਂ ਕੋਸ਼ਿਸ਼ਾਂ ਜਾਰੀ ਹਨ, ਜਿਸ ਵਿੱਚ ਕੁਝ ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਸੂਬੇ ਦੀ ਵਿੱਤੀ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਵੱਲੋਂ ਖਰਚੇ ਚਲਾਉਣ ਲਈ 4 ਅਗਸਤ ਨੂੰ 500 ਕਰੋੜ, 25 ਅਗਸਤ ਨੂੰ 1000 ਕਰੋੜ ਅਤੇ ਫਿਰ 26 ਅਗਸਤ ਨੂੰ 1000 ਕਰੋੜ ਦਾ ਕਰਜ਼ਾ ਮਾਰਕਿਟ ਵਿੱਚੋਂ ਚੁੱਕਿਆ ਗਿਆ ਸੀ ਅਤੇ ਸਰਕਾਰ ਹਰ ਮਹੀਨੇ ਤਕਰੀਬਨ 3000 ਕਰੋੜ ਦਾ ਕਰਜ਼ਾ ਚੁੱਕ ਰਹੀ ਹੈ।

Exit mobile version