Punjab

ਪੰਜਾਬ ਸਰਕਾਰ ਨੇ ਹਟਾਈਆਂ 1498 ਸ਼ਰਤਾਂ, ਕਿਸਨੂੰ ਹੋਵੇਗਾ ਲਾਭ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਕਾਰੋਬਾਰ, ਉਦਯੋਗਾਂ ਤੇ ਨਾਗਰਿਕਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਨੇ ਇਨ੍ਹਾਂ ‘ਤੇ ਲੱਗੀਆਂ 1 ਹਜ਼ਾਰ 498 ਸ਼ਰਤਾਂ ਨੂੰ ਹਟਾ ਦਿੱਤਾ ਹੈ। ਭਵਿੱਖ ਵਿੱਚ ਕਾਰੋਬਾਰ ਅਤੇ ਉਦਯੋਗਾਂ ਲਈ ਸੁਖਾਵੇਂ ਮਾਹੌਲ ਵਾਸਤੇ ਹੋਰ ਲਾਜ਼ਮੀ ਸ਼ਰਤਾਂ ਘਟਾਈਆਂ ਜਾਣਗੀਆਂ ਅਤੇ ਇਸ ਪ੍ਰਕਿਰਿਆ ਨੂੰ 31 ਅਗਸਤ ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਇਹ ਜਾਣਕਾਰੀ ਦਿੱਤੀ ਹੈ।

ਮਹਾਜਨ ਨੇ ਦੱਸਿਆ ਕਿ ਇਹ ਸ਼ਰਤਾਂ ਦੋ ਸ਼੍ਰੇਣੀਆਂ ਸਰਕਾਰ ਤੋਂ ਕਾਰੋਬਾਰ (ਜੀ ਟੂ ਬੀ) ਅਤੇ ਸਰਕਾਰ ਤੋਂ ਨਾਗਰਿਕ (ਜੀ ਟੂ ਸੀ) ਅਧੀਨ ਆਉਂਦੀਆਂ ਹਨ ਅਤੇ ਇਨ੍ਹਾਂ ਸ਼ਰਤਾਂ ਨੂੰ ਘਟਾਉਣ ਦਾ ਉਦੇਸ਼ ਉਪਭੋਗਤਾਵਾਂ ਦੇ ਖ਼ਰਚੇ ਅਤੇ ਸਮੇਂ ਨੂੰ ਬਚਾਉਣਾ ਹੈ। ਇਸ ਪ੍ਰਕਿਰਿਆ ਦੇ ਪੂਰੇ ਸਮਾਜ ਨੂੰ ਵੱਡੇ ਪੱਧਰ ‘ਤੇ ਹੋਣ ਵਾਲੇ ਲਾਭ  ਨੂੰ ਧਿਆਨ ਵਿੱਚ ਰੱਖਦਿਆਂ ਮਹਾਜਨ ਨੇ ਸਾਰੇ ਪ੍ਰਸ਼ਾਸਕੀ ਸਕੱਤਰਾਂ ਨੂੰ ਅਜਿਹੀਆਂ ਹੋਰ ਸ਼ਰਤਾਂ ਨੂੰ ਮੁੜ ਘੋਖਣ ਅਤੇ ਉਨ੍ਹਾਂ ਦੀ ਪਛਾਣ ਕਰਨ ਲਈ ਕਿਹਾ, ਜਿਨ੍ਹਾਂ ਨੂੰ ਹੋਰ ਸਰਲ ਬਣਾਉਣ ਦੀ ਲੋੜ ਹੈ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਾਰੋਬਾਰ ਤੇ ਸਨਅਤਾਂ ਨੂੰ ਸਾਜ਼ਗਾਰ ਮਾਹੌਲ ਪ੍ਰਦਾਨ ਕਰਕੇ ਸੂਬੇ ਨੂੰ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਬਣਾਉਣ ਲਈ ਵਚਨਬੱਧ ਹੈ। ‘ਜੀ ਟੂ ਬੀ’ ਸ਼ਰਤਾਂ ਨੂੰ ਸਮੇਂ ਸਿਰ ਲਾਗੂ ਕਰਨ ਲਈ ਸਾਰੇ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਨ ਵਾਸਤੇ ਇਨਵੈਸਟ ਪੰਜਾਬ ਨੋਡਲ ਏਜੰਸੀ ਹੈ ਜਦਕਿ ‘ਜੀ ਟੂ ਸੀ’ ਸ਼ਰਤਾਂ ਲਈ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੋਡਲ ਏਜੰਸੀ ਹੈ।

‘ਜੀ ਟੂ ਬੀ’ ਸ਼ਰਤਾਂ ਦੀ ਮੌਜੂਦਾ ਸਥਿਤੀ ਬਾਰੇ ਜਾਣੂ ਕਰਵਾਉਂਦਿਆਂ ਇਨਵੈਸਟ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ 16 ਵਿਭਾਗਾਂ ਨੇ ਪਹਿਲੇ ਅਤੇ ਦੂਜੇ ਪੜਾਅ ਅਧੀਨ 628 ਕਾਰੋਬਾਰ ਸਬੰਧੀ ਹਟਾਈਆਂ ਜਾਣ ਵਾਲੀਆਂ ਸ਼ਰਤਾਂ ਦੀ ਪਛਾਣ ਕਰਕੇ ਇਨ੍ਹਾਂ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਹੈ। ਇਸ ਦਾ ਉਦੇਸ਼ ਦਸਤਾਵੇਜ਼ਾਂ ਨੂੰ ਘਟਾਉਣਾ, ਸੇਵਾਵਾਂ ਨੂੰ ਆਨਲਾਈਨ ਕਰਨਾ ਅਤੇ ਨਿਯਮਾਂ ਵਿੱਚ ਸੋਧ ਨੂੰ ਅਮਲੀ ਰੂਪ ਦੇ ਕੇ ਸ਼ਰਤਾਂ ਨੂੰ ਪੂਰਾ ਕਰਨ ਦੀ ਗੁੰਝਲਦਾਰ ਪ੍ਰਕਿਰਿਆ ਦੇ ਬੋਝ ਨੂੰ ਘਟਾਉਣਾ ਹੈ। ‘ਜੀ ਟੂ ਸੀ’ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਪ੍ਰਸ਼ਾਸਨਿਕ ਸੁਧਾਰ ਪਰਮਿੰਦਰਪਾਲ ਸਿੰਘ ਨੇ ਦੱਸਿਆ ਕਿ 28 ਵਿਭਾਗਾਂ ਨੇ ਪਹਿਲੇ ਅਤੇ ਦੂਜੇ ਪੜਾਅ ਵਿੱਚ 870 ਸ਼ਰਤਾਂ ਦੀ ਪਛਾਣ ਕਰਕੇ ਇਨ੍ਹਾਂ ਨੂੰ ਲਾਗੂ ਕਰ ਦਿੱਤਾ ਹੈ।