‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਵਿੱਚ ਅੱਜ ਅਨਸੂਚਿਤ ਜਾਤੀ ਵਿਧਾਇਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕੈਬਨਿਟ ਮੰਤਰੀ ਚਰਨਜੀਤ ਚੰਨੀ, ਵਿਧਾਇਕ ਰਾਜ ਕੁਮਾਰ ਵੇਰਕਾ ਅਤੇ ਅਰੁਣਾ ਚੌਧਰੀ ਸ਼ਾਮਿਲ ਹੋਏ। ਮੀਟਿੰਗ ਤੋਂ ਬਾਅਦ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਇਹ ਇੱਕ ਪਰਿਵਾਰਕ ਬੈਠਕ ਸੀ, ਇਸ ਵਿੱਚ ਅਨੁਸੂਚਿਤ ਜਾਤੀਆਂ ਦੇ ਮੁੱਦੇ ਵਿਚਾਰੇ ਗਏ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਹੜੇ ਵਾਅਦੇ ਪੂਰੇ ਹੋਏ, ਕਿਹੜੇ ਵਾਅਦੇ ਰਹਿ ਗਏ, ਇਨ੍ਹਾਂ ਮੁੱਦਿਆਂ ‘ਤੇ ਚਰਚਾ ਕੀਤੀ ਗਈ ਹੈ। ਵੇਰਕਾ ਨੇ ਜਿਹੜੇ ਵਾਅਦੇ ਰਹਿ ਗਏ ਹਨ, ਉਨ੍ਹਾਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ। ਵੇਰਕਾ ਨੇ ਕਿਹਾ ਕਿ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸਮਾਂ ਲੈ ਲਿਆ ਗਿਆ ਹੈ ਅਤੇ ਇਸ ਮੁੱਦੇ ਲਈ 32 ਵਿਧਾਇਕ ਕੈਪਟਨ ਨੂੰ ਮਿਲਣਗੇ। ਵੇਰਕਾ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਕਿਸੇ ਵੀ ਧੜੇ ਨੂੰ ਲੈ ਕੇ ਕੋਈ ਵਿਚਾਰ ਨਹੀਂ ਹੋਈ, ਇਹ ਮੀਟਿੰਗ ਕਿਸੇ ਦੇ ਵਿਰੋਧ ਵਿੱਚ ਨਹੀਂ ਕੀਤੀ ਗਈ ਸੀ।