Punjab

ਪੰਜਾਬ ਸਰਕਾਰ ਨੇ ਕਰੋਨਾ ਮਰੀਜ਼ਾਂ ਲਈ ਇਸ ਟੀਕੇ ਦੀ ਵਰਤੋਂ ਨਾ ਕਰਨ ਦੇ ਦਿੱਤੇ ਹੁਕਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਅੰਦਰ ਮਰੀਜ਼ਾਂ ਨੂੰ “Tocilizumab 400mg” ਟੀਕੇ ਦੀ ਦੀ ਸਿਫਾਰਸ਼ ਨਾ ਕਰਨ ਦੀ ਸਲਾਹ ਦਿੱਤੀ ਹੈ।ਪੰਜਾਬ ਦੇ ਸਿਹਤ ਮਾਹਿਰਾਂ ਨੇ ਕਿਹਾ ਹੈ ਕਿ ਇਹ ਟੀਕਾ ਭਾਰਤ ‘ਚ ਨਹੀਂ ਬਣਦਾ ਅਤੇ ਭਾਰਤ ਵਿੱਚ ਇਸ ਟੀਕੇ ਦੀ ਪੂਰਤੀ ਪਹਿਲਾਂ ਹੀ ਬਹੁਤ ਮੁਸ਼ਕਿਲ ਨਾਲ ਹੋ ਰਹੀ ਹੈ। ਪੰਜਾਬ ਸਰਕਾਰ ਨੇ ਸਾਰੇ ਸਿਵਲ ਸਰਜਨਾਂ ਨੂੰ ਇਸ ਬਾਰੇ ਡਾਕਟਰਾਂ ਨੂੰ ਦੱਸਣ ਲਈ ਕਿਹਾ ਹੈ।

ਡਾ. ਕੇ.ਕੇ. ਤਲਵਾੜ, ਅਡਵਾਈਜ਼ਰ ਹੈਲਥ ਅਤੇ ਮੈਡੀਕਲ ਐਜੂਕੇਸ਼ਨ, ਪੰਜਾਬ ਸਰਕਾਰ ਦੇ ਐਕਸਪਰਟ ਗਰੁੱਪ ਦੁਆਰਾ ਇਸ ਟੀਕੇ ਦੀ ਜਗ੍ਹਾ “Itolizomab” ਜਾਂ ਫਿਰ “Dexamethasone” ਟੀਕੇ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ, ਜੋ ਕਿ ਬਾਜ਼ਾਰ ਵਿੱਚ ਮੌਜੂਦ ਵੀ ਹੈ ਅਤੇ ਜੋ ਬਹੁਤ ਹੀ ਗੰਭੀਰ ਮਰੀਜ਼ਾਂ ਲਈ “Tocilizumab 400mg” ਟੀਕੇ ਦੇ ਬਰਾਬਰ ਹੀ ਕੰਮ ਕਰਦੇ ਹਨ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਆਕਸੀਜਨ ਅਤੇ ਵੈਂਟੀਲੇਟਰ ਪੱਧਰ ਦੇ ਮਰੀਜ਼ਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਕਰਕੇ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਸਾਰੇ ਡਾਕਟਰ "Tocilizumab 400mg" ਦੀ ਦੁਬਾਰਾ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇਹ ਟੀਕਾ ਭਾਰਤ ਵਿੱਚ ਨਹੀਂ ਬਣਾਇਆ ਜਾਂਦਾ, ਜਿਸ ਕਰਕੇ ਦੇਸ਼ ਵਿੱਚ ਇਸਦੀ ਉਪਲੱਬਧਤਾ ਬਹੁਤ ਘੱਟ ਹੈ। ਇਸ ਕਰਕੇ ਮਰੀਜ਼ਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।