Punjab

ਪੰਜਾਬ ਸਰਕਾਰ ਨੇ ਕੀਤੀ ਆਨਲਾਈਨ ਡਰਾਈਵਿੰਗ ਲਾਇਸੈਂਸ ਦੀ ਸ਼ੁਰੂਆਤ

ਦ ਖ਼ਾਲਸ ਬਿਊਰੋ : ਅੱਜ ਪੰਜਾਬ ਸਰਕਾਰ ਨੇ ਸੂਬਾ ਵਾਸੀਆਂ ਲਈ ਆਨਲਾਈਨ ਡਰਾਈਵਿੰਗ ਲਾਇਸੈਂਸ ਦੀ ਸਹੂਲਤ ਦੀ ਸ਼ੁਰੂਆਤ ਕੀਤੀ ਹੈ।ਇਸ ਨਾਲ ਕੰਪਿਊਟਰ, ਮੋਬਾਈਲ, ਟੈਬਲੇਟ ਜਾਂ ਲੈਪਟਾਪ ‘ਤੇ ਸਿਰਫ ਇੱਕ ਕਲਿੱਕ ਕਰਨ ‘ਤੇ ਲਰਨਿੰਗ ਡਰਾਈਵਿੰਗ ਲਾਇਸੈਂਸ ਪ੍ਰਾਪਤ ਹੋ ਜਾਵੇਗਾ ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੇਂ ਪੋਰਟਲ www.sarathi.parivahan.gov.in ਦੀ ਸ਼ੁਰੂਆਤ ਕਰਦਿਆਂ ਇਸ ਨੂੰ ਇਕ ਇਤਿਹਾਸਕ ਕਦਮ ਦੱਸਿਆ ਹੈ,ਜਿਸ ਨਾਲ ਚਾਹਵਾਨ ਲੋਕ ਬਿਨਾਂ ਕਿਸੇ ਮੁਸ਼ਕਿਲ ਤੋਂ ਆਪਣੇ ਘਰ ਬੈਠੇ ਹੀ ਲਰਨਿੰਗ ਡਰਾਈਵਿੰਗ ਲਾਇਸੰਸ ਪ੍ਰਾਪਤ ਕਰ ਸਕਦੇ ਹਨ,ਜਿਨ੍ਹਾਂ ਨਾਲ ਉਨ੍ਹਾਂ ਦੇ ਸਮੇਂ, ਪੈਸੇ ਅਤੇ ਊਰਜਾ ਦੀ ਬੱਚਤ ਹੋਵੇਗੀ।

ਇਸ ਸੰਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਟਵੀਟ ਵੀ ਕੀਤਾ ਹੈ ਤੇ ਇਸ ਦੇ ਨਾਲ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।ਆਪਣੇ ਟਵੀਟ ਵਿੱਚ ਮੁੱਖ ਮੰਤਰੀ ਨੇ ਸਾਰੇ ਪੰਜਾਬੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਤੁਹਾਡੀ ਸਰਕਾਰ ਨੇ ਤੁਹਾਡੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਇੱਕ ਹੋਰ ਕਦਮ ਚੁੱਕਦਿਆਂ ਲਰਨਿੰਗ ਲਾਈਸੈਂਸ ਦੀ ਆਨਲਾਈਨ ਸਹੂਲਤ ਸ਼ੁਰੂ ਕੀਤੀ ਹੈ।ਇਹ ਨਾ ਸਿਰਫ਼ ਈ-ਗਵਰਨੈਂਸ ਵੱਲ ਵੱਡਾ ਕਦਮ ਹੈ ਸਗੋਂ ਇਸ ਨਾਲ ਤੁਹਾਡਾ ਸਮਾਂ ਬਚੇਗਾ,ਆਰਟੀਏ ਦੀਆਂ ਲਾਈਨਾਂ ਤੋਂ ਬਚੋਗੇ ਤੇ ਭ੍ਰਿਸ਼ਟਾਚਾਰ ਨੂੰ ਵੀ ਨੱਥ ਪਵੇਗੀ।