The Khalas Tv Blog Punjab ਪੰਜਾਬ ਸਰਕਾਰ ਵੱਲੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ, ਹੜ੍ਹ ਪ੍ਰਭਾਵਿਤ 2300 ਪਿੰਡਾਂ ’ਚ ਲਗਾਏ ਜਾਣਗੇ ਮੈਡੀਕਲ ਕੈਂਪ
Punjab

ਪੰਜਾਬ ਸਰਕਾਰ ਵੱਲੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ, ਹੜ੍ਹ ਪ੍ਰਭਾਵਿਤ 2300 ਪਿੰਡਾਂ ’ਚ ਲਗਾਏ ਜਾਣਗੇ ਮੈਡੀਕਲ ਕੈਂਪ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਵਿਆਪਕ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਂਫਰੰਸ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਕਿ ਹੜ੍ਹਾਂ ਦਾ ਪਾਣੀ ਹੁਣ ਘੱਟੋ-ਘੱਟ ਇਲਾਕਿਆਂ ਤੋਂ ਉੱਤਰ ਚੁੱਕਾ ਹੈ, ਪਰ ਪਿੰਡਾਂ, ਕਸਬਿਆਂ ਅਤੇ ਵਾਰਡਾਂ ਵਿੱਚ ਵਿਆਪੀ ਮਿੱਟੀ, ਸਿਲਟ, ਗੰਦਗੀ ਅਤੇ ਮਲਬੇ ਨੇ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਲੋਕਾਂ ਨੂੰ ਸਧਾਰਨ ਜੀਵਨ ਵੱਲ ਵਾਪਸ ਲਿਆਉਣ ਲਈ ਸਰਕਾਰ ਵੱਲੋਂ ਵੱਡੇ ਪੱਧਰ ਤੇ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਲਗਭਗ 2300 ਪ੍ਰਭਾਵਿਤ ਪਿੰਡਾਂ ਅਤੇ ਵਾਰਡਾਂ ਨੂੰ ਪਹਿਲ ਦਿੱਤੀ ਜਾਵੇਗੀ।

ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਹਰ ਪਿੰਡ ਵਿੱਚ ਜੇਸੀਬੀ, ਟਰੈਕਟਰ, ਟਰਾਲੀ ਅਤੇ ਲੇਬਰ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ। ਹੜ੍ਹਾਂ ਨਾਲ ਆਈ ਮਿੱਟੀ, ਮਲਬਾ, ਲੱਕੜਾਂ, ਡਰਾਈ ਲੱਕੜਾਂ ਅਤੇ ਹੋਰ ਬਖੂਬੀਆਂ ਨੂੰ ਬਖੂਬੀ ਸਾਫ਼ ਕੀਤਾ ਜਾਵੇਗਾ। ਇਸ ਦੌਰਾਨ ਜੋ ਵੀ ਜਾਨਵਰਾਂ ਦੀਆਂ ਲਾਸ਼ਾਂ ਮਿਲਣਗੀਆਂ, ਉਹਨਾਂ ਨੂੰ ਵੱਖਰੀਆਂ ਟੀਮਾਂ ਵੱਲੋਂ ਹਟਾ ਕੇ ਢੁਕਵੀਆਂ ਨਿਪਟਾਰੀਆਂ ਕੀਤੀਆਂ ਜਾਣਗੀਆਂ। ਸਫਾਈ ਤੋਂ ਬਾਅਦ ਹਰ ਪਿੰਡ ਵਿੱਚ ਫੌਗਿੰਗ ਵੀ ਕਰਵਾਈ ਜਾਵੇਗੀ ਤਾਂ ਜੋ ਬਿਮਾਰੀਆਂ ਨਾ ਫੈਲਣ।

ਮਾਨ ਨੇ ਕਿਹਾ ਕਿ ਇਸ ਮੁਹਿੰਮ ਲਈ ਸਰਕਾਰ ਨੇ ਬਜਟ ਵਿੱਚੋਂ 100 ਕਰੋੜ ਰੁਪਏ ਵੱਖ ਕੀਤੇ ਹਨ। ਹਰ ਪਿੰਡ ਨੂੰ ਟੋਕਨ ਤੌਰ ਤੇ ਪਹਿਲਾਂ 1 ਲੱਖ ਰੁਪਏ ਦਿੱਤੇ ਜਾਣਗੇ ਅਤੇ ਫਿਰ ਜਿਵੇਂ-ਜਿਵੇਂ ਕੰਮ ਪੂਰਾ ਹੁੰਦਾ ਜਾਵੇਗਾ, ਉਸ ਅਨੁਸਾਰ ਵਧੇਰੇ ਰਾਸ਼ੀ ਰਿਲੀਜ਼ ਕੀਤੀ ਜਾਵੇਗੀ। ਪੂਰਾ ਖਰਚਾ ਪੰਜਾਬ ਸਰਕਾਰ ਵੱਲੋਂ ਉਠਾਇਆ ਜਾਵੇਗਾ। ਇਹ ਕੰਮ 24 ਸਤੰਬਰ ਤੱਕ ਪੂਰੇ ਕਰਨ ਦਾ ਟੀਚਾ ਹੈ, ਜੋ ਕਿ 10 ਦਿਨਾਂ ਦਾ ਸਮਾਂ ਹੈ, ਕਿਉਂਕਿ ਹੁਣ ਅਗਲੀਆਂ ਫਸਲਾਂ ਬੀਜਣ ਦੀ ਤਿਆਰੀ ਵੀ ਕਰਨੀ ਹੈ।

ਮਾਨ ਨੇ ਅੱਗੇ ਕਿਹਾ ਕਿ 15 ਅਕਤੂਬਰ ਤੱਕ ਸਾਰੇ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਜਿਵੇਂ ਧਰਮਸਾਲਾਵਾਂ, ਪੰਚਾਇਤ ਘਰਾਂ, ਸਕੂਲਾਂ ਆਦਿ ਨੂੰ ਨੁਕਸਾਨ ਤੋਂ ਬਾਹਰ ਲਿਆ ਕੇ ਨਾਰਮਲ ਬਣਾਇਆ ਜਾਵੇਗਾ। ਛੱਪੜਾਂ ਦੀ ਸਫਾਈ 15 ਅਕਤੂਬਰ ਤੱਕ ਪੂਰੀ ਕੀਤੀ ਜਾਵੇਗੀ। ਉਨ੍ਹਾਂ ਐੱਨਜੀਓਜ਼, ਯੂਥ ਕਲੱਬਾਂ ਅਤੇ ਹੋਰ ਸੰਸਥਾਵਾਂ ਨੂੰ ਵੀ ਸਹਿਯੋਗ ਲਈ ਸਵਾਗਤ ਕੀਤਾ ਅਤੇ ਕਿਹਾ ਕਿ ਇੱਕਜੁੱਟ ਹੋ ਕੇ ਅਸੀਂ ਕੁਦਰਤੀ ਆਫ਼ਤ ਨਾਲ ਲੜੀਏ। ਉਹ ਛੁੱਟੀ ਤੋਂ ਵਾਪਸ ਆ ਕੇ ਪੰਜਾਬ ਨੂੰ ਪੈਰਾਂ ਤੇ ਖੜ੍ਹਾ ਕਰਨ ਲਈ ਵਚਨਬੱਧ ਹਨ।

ਇਸ ਨਾਲ ਹੜ੍ਹਾਂ ਨਾਲ ਪੀੜਤ ਲੋਕਾਂ ਨੂੰ ਤੇਜ਼ ਰਾਹਤ ਮਿਲੇਗੀ ਅਤੇ ਰਾਜ ਵਿੱਚ ਜੀਵਨ ਆਮ ਹੋਵੇਗਾ। ਇਸ ਤੋਂ ਇਲਾਵਾ, 550 ਐੰਬੂਲੈਂਸ ਵੀ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਪ੍ਰਭਾਵਿਤ 2300 ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਏ ਜਾਣਗੇ। ਮਾਨ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਮੰਡੀਆਂ ਵਿੱਚ 19 ਸਤੰਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋਵੇਗੀ।

CM ਬਦਲਣ ਤੇ ਬੋਲੇ ਭਗਵੰਤ ਮਾਨ 

ਭਗਵੰਤ ਮਾਨ ਨੇ CM ਬਦਲਣ ਦੀਆਂ ਫਰਜ਼ੀ ਖ਼ਬਰਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਵਿਊਜ਼ ਲਈ ਅਜਿਹੀਆਂ ਖ਼ਬਰਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਦਾ ਧੜਾ ਸਿਰਫ਼ ਪਬਲਿਕ ਹੈ ਅਤੇ ਆਪ ਵਿੱਚ ਕੋਈ ਧੜਾ ਨਹੀਂ। ਅਰਵਿੰਦ ਕੇਜਰੀਵਾਲ ਨੇ ਵੀ ਭਰੋਸਾ ਦਿੱਤਾ ਕਿ CM ਨਹੀਂ ਬਦਲੇਗਾ। ਮਾਨ ਨੇ ਬੀਜੇਪੀ ‘ਤੇ ਤਾਅਨਾ ਮਾਰਿਆ ਕਿ ED ਦੇ ਡਰੋਂ ਉਹਨਾਂ ਵਿਰੁੱਧ ਨਹੀਂ ਬੋਲਦੇ।

ਰਵਨੀਤ ਬਿੱਟੂ ’ਤੇ ਬੋਲਦਿਆਂ ਮਾਨ ਨੇ ਕਿਹਾ ਕਿ ਬਿੱਟੂ ਦੀ ਤਾਂ ਕੋਈ ਰੇਲਵੇ ਵਿੱਚ ਨਹੀਂ ਸੁਣਦਾ ਪੰਜਾਬ ਵਿੱਚ ਕਿੱਥੋਂ ਸੁਣ ਲੈਣਗੇ। ਮਾਨ ਨੇ ਤੰਜ ਕੱਸਦਿਆਂ ਕਿਹਾ ਕਿ ਬਿੱਟੂ ਨੂੰ ਕੇਂਦਰ ਨੇ ਬੇਅਸਰ ਮਹਿਕਮਾ ਦਿੱਤਾ ਹੈ।

 

 

 

Exit mobile version