India Khetibadi Punjab

ਪੰਜਾਬ ਸਰਕਾਰ ਗਲਤ ਝੋਨਾ ਲਗਵਾ ਕੇ ਕੇਂਦਰ ਸਰਕਾਰ ਸਿਰ ਠੀਕਰਾ ਭੰਨ੍ਹ ਰਹੀ ਹੈ : ਰਵਨੀਤ ਬਿੱਟੂ

ਚੰਡੀਗੜ੍ਹ : ਜਿੱਥੇ ਝੋਨੇ ਦੀ ਖਰੀਦ ਨਾ ਹੋਣ ਨੂੰ ਲੈ ਕੇ ਕਿਸਾਨ ਪਰੇਸ਼ਾਨ ਹੋ ਰਹੇ ਉੱਥੇ ਹੀ ਵਿਰੋਧੀ ਪਾਰਟੀਆਂ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰ ਰਹੀਆਂ ਹਨ। ਝੋਨੇ ਦੀ ਖਰੀਦ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨਾਲ ਬਦਲਾ ਲੈ ਰਹੀ ਹੈ।

ਬਿੱਟੂ ਨੇ ਸੂਬੇ ਵਿੱਚ ਝੋਨੇ ਦੀ ਚੁਕਾਈ ਨਾ ਹੋਣ ਦਾ ਦੋਸ਼ ਪੰਜਾਬ ਸਰਕਾਰ ਦੇ ਸਿਰ ਮੜ੍ਹਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਜੋ ਵੀ ਸੂਬੇ ਦੇ ਹਾਲਾਤ ਹਨ ਇਹ ਉਹ ਪੰਜਾਬ ਸਰਕਾਰ ਦੇ ਕਾਰਨ ਬਣੇ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਰੀਬ ਦੋ ਮਹੀਨੇ ਪਹਿਲਾਂ 44 ਹਜ਼ਾਰ ਕਰੋੜ ਰੁਪਏ ਪੰਜਾਬ ਸਰਕਾਰ ਦੇ ਦਿੱਤੇ ਹਨ ਪਰ ਫਿਰ ਵੀ ਸਰਕਾਰ ਝੋਨੇ ਦੀ ਖਰੀਦ ਨਹੀਂ ਕਰ ਸਕੀ।

ਬਿੱਟੂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੂੰ 10 ਹਜ਼ਾਰ ਕਰੋੜ ਹੋਰ ਚਾਹੀਦੇ ਹਨ ਤਾਂ ਕੇਂਦਰ ਸਰਕਾਰ ਅੱਜ ਹੀ ਸਾਰੇ ਪੈਸੇ ਦੇ ਦੇਵੇਗੀ। CM ਮਾਨ ਨੂੰ ਘੇਰਦਿਆਂ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਇੱਕ ਵਾਰ ਵੀ ਮੰਡੀਆਂ ਦਾ ਦੌਰਾ ਕਿਉਂ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਾਈਬ੍ਰਿਡ ਵੈਰਾਇਟੀ ਦਾ ਝੋਨਾ ਲਗਵਾਇਆ ਅਤੇ PR 126 ਦੇ ਨਾਂ ਹਾਈਬ੍ਰਿਡ ਵੈਰਾਇਟੀ ਦਾ ਬੀਜ ਲਗਾਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ 56 ਰੁਪਏ ਕਿੱਲੇ ਬੀਜ ਦਿੱਦੀ ਹੈ ਪਰ ਕਿਸਾਨਾਂ ਨੂੰ 3500 ਰੁਪਏ ਕਿੱਲੋ ਦਾ ਹਿਸਾਬ ਨਾਲ ਬੀਜ ਵੇਚਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮਾੜੇ ਬੀਜ ਅਤੇ ਕੀਟਨਾਸ਼ਕਾਂ ਦੀ ਵੀ ਵੱਧ ਵਰਤੋਂ ਕਰਨੀ ਪੈ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਯੂਨੀਵਰਸਿਟੀ ਨੇ ਵੀ PR 126  ਬੀਜ਼ ਨੂੰ ਮਾਨਤਾ ਨਹੀਂ ਦਿੱਤੀ ਹੈ ਅਤੇ ਇਸ ਮਾੜੇ ਬੀਜ ਤੋਂ ਝੋਨੇ ਦਾ ਦਾਣਾ ਟੁੱਟ ਰਿਹਾ ਹੈ। ਉਨ੍ਹਾਂਨੇ ਕਿਹਾ ਕਿ ਪੰਜਾਬ ਸਰਕਾਰ ਗਲਤ ਝੋਨਾ ਲਗਵਾ ਕੇ ਕੇਂਦਰ ਸਰਕਾਰ ਦੇ ਸਿਰ ਠੀਕਰਾ ਭੰਨ ਰਹੀ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੇਤਾ ਬਾਹਰ ਘੁੰਮਣ ਤਾਂ ਜਾ ਸਕਦੇ ਹਨ, ਪਰ ਉਹ ਕਿਸਾਨਾਂ ਦਾ ਹਾਲ ਜਾਨਣ ਲਈ ਮੰਡੀਆਂ ਵਿਚ ਕਿਉਂ ਨਹੀਂ ਜਾ ਸਕਦੇ?