ਬਿਉਰੋ ਰਿਪੋਰਟ – ਅੱਜ ਡੀਜੀਪੀ ਗੌਰਵ ਯਾਦਵ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ, ਜਿਸ ਵਿੱਚ ਨਸ਼ਿਆਂ ਨਾਲ ਨਜਿੱਠਣ ਲਈ ਰਣਨੀਤੀ ਬਣਾਈ ਗਈ। ਮੀਟਿੰਗ ਵਿੱਚ ਵਿਸ਼ੇਸ਼ ਡੀਜੀਪੀ, ਏਡੀਜੀਪੀ ਅਤੇ ਆਈਜੀ ਪੱਧਰ ਦੇ ਅਧਿਕਾਰੀ ਹਾਜ਼ਰ ਸਨ। ਇਸ ਤੋਂ ਬਾਅਦ ‘ਚ ਡੀ.ਜੀ. ਪੰਜਾਬ ਗੌਰਵ ਯਾਦਵ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਡਰੱਗ ਖਿਲਾਫ ਕਾਰਵਾਈ ਤੋਂ ਪਾਕਿਸਤਾਨ ਪਰੇਸ਼ਾਨ ਹੈ। ਉਹ ਜਿਹੜਾ ਨਸ਼ਾ ਪੰਜਾਬ ਵਾਲੇ ਪਾਸੇ ਸੁੱਟਦੇ ਸੀ ਹੁਣ ਉਸਨੂੰ ਚੁੱਕਣ ਵਾਲੇ ਨਹੀਂ ਮਿਲ ਰਹੇ ਤਾਂ ਕਰਕੇ ਉਹ ਪ੍ਰੇਸ਼ਾਨ ਹਨ। ਗੈਂਗਸਟਰ ਅਤੇ ਪਾਕਿਸਤਾਨ ਏਜੰਸੀ ਨੂੰ ਅਜਿਹਾ ਸਬਕ ਸਿਖਾਵਾਂਗੇ ਕਿ ਉਹ ਪੰਜਾਬ ਵੱਲ ਮੂੰਹ ਨਹੀਂ ਕਰਨਗੇ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਖਰਾਬ ਕਰਨ ਲਈ ਬੇਸ਼ੱਕ ISI ਵੱਲੋਂ ਵਿਘਨ ਪਾਏ ਜਾ ਰਹੇ ਹਨ ਪਰ ਕਾਰਵਾਈ ਬਾਦਸਤੂਰ ਜਾਰੀ ਰਹੇਗੀ ਅਤੇ ਨਸ਼ੇ ‘ਚ ਗੁਲਤਾਨ ਨੌਜਵਾਨਾਂ ਦੇ ਮੁੜ ਵਸੇਬੇ ਦੇ ਹੀਲੇ ਵੀ ਕਰਾਂਗੇ। ਉਹਨਾਂ ਜਾਣਕਰੀ ਦਿੱਤੀ ਕੇ ਪਿਛਲੇ 20 ਦਿਨਾਂ ਵਿਚ 2364 ਲੋਕਾਂ ਦੀ ਗ੍ਰਿਫਤਾਰੀ, 1572 ਪਰਚੇ, 28 ਐਨਕਾਊਂਟਰ, 33 ਘਰਾਂ ਉੱਤੇ ਬੁਲਡੋਜ਼ਰ, 63 ਲੱਖ ਡਰੱਗ ਮਨੀ ਬਰਾਮਦ ਹੋਈ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਨਾਲ ਨਜਿੱਠਣ ਲਈ ਨਵੀਂ ਰਣਨੀਤੀ ਬਣਾਈ ਹੈ। ਹੁਣ ਸਾਰੇ ਜ਼ਿਲ੍ਹਿਆਂ ਦੀ ਮੈਪਿੰਗ ਕੀਤੀ ਜਾਵੇਗੀ ਅਤੇ ਪਤਾ ਲਗਾਇਆ ਜਾ ਸਕੇਗਾ ਕਿ ਉੱਥੇ ਕਿਸ ਤਰ੍ਹਾਂ ਦੇ ਨਸ਼ੇ ਉਪਲਬਧ ਹਨ ਅਤੇ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ। ਸਾਰੇ ਅਧਿਕਾਰੀਆਂ ਨੂੰ ਵਿਸ਼ੇਸ਼ ਟੀਚੇ ਦਿੱਤੇ ਜਾਣਗੇ, ਜਿਸ ਦੇ ਆਧਾਰ ‘ਤੇ SSPs ਅਤੇ SHOs ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਜਾਵੇਗਾ। ਸਾਰੇ ਵਿਭਾਗਾਂ ਨੂੰ ਨਾਲ ਲੈ ਕੇ ਨਸ਼ਾ ਛੁਡਾਉਣ ਦੇ ਵੱਖ-ਵੱਖ ਪੜਾਵਾਂ ‘ਤੇ ਕੰਮ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਾਡਾ ਮੁੱਖ ਨਿਸ਼ਾਨਾ ਨਸ਼ਾ ਸਪਲਾਈ ਕਰਨ ਵਾਲਿਆਂ ‘ਤੇ ਹੋਵੇਗਾ, ਜਦਕਿ ਨਸ਼ਾ ਪੀੜਤਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਇਹ ਫੈਸਲਾ ਕੀਤਾ ਗਿਆ ਹੈ ਕਿ ਥਾਣਿਆਂ ਦੇ ਮੁਨਸ਼ੀਆਂ ਦਾ ਕਾਰਜਕਾਲ ਦੋ ਸਾਲ ਦਾ ਹੋਵੇਗਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰੋਟੇਟ ਕੀਤਾ ਜਾਵੇਗਾ। ਨਾਲ ਹੀ ਉਹਨਾਂ MP ਅੰਮ੍ਰਿਤਪਾਲ ਸਿੰਘ ਦੇ ਨਾਲ ਡਿਬ੍ਰੂਗੜ੍ਹ ਜੇਲ੍ਹ ‘ਚ ਬੰਦ ਸਿੰਘਾਂ ਨੂੰ ਵਾਪਿਸ ਲੈਕੇ ਆਉਣ ਦੀ ਕਾਰਵਾਈ ‘ਤੇ ਬੋਲਦਿਆਂ ਕਿਹਾ ਕਿ ਅਜਨਾਲਾ ਕੇਸ ਦੇ ਮੁਲਜ਼ਮਾਂ ਨੂੰ ਪੰਜਾਬ ਲਿਆਂਦਾ ਜਾਵੇਗਾ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ – MP ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨਾਲ ਜੁੜੀ ਵੱਡੀ ਖ਼ਬਰ, ਭਗਵਾਨ ਸਿੰਘ ਬਾਜੇਕੇ ਅਤੇ ਗੁਰਮੀਤ ਸਿੰਘ ਦਾ ਮਿਲਿਆ ਟਰਾਂਜ਼ਿਟ ਰਿਮਾਂਡ