ਸ਼ੰਭੂ ਬਾਰਡਰ : ਕੱਲ ਦੇਰ ਰਾਤ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੁਧਿਆਣਾ ਦੇ DMC ਹਸਪਤਾਲ ਵਿੱਚੋਂ ਡਿਸਚਾਰਜ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਉਹ ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬਾਠ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਅੰਦੋਲਨ ਨੂੰ ਫੇਲ੍ਹ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਜਦੋਂ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੇ ਦਬਾਅ ਹੇਠ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਛੱਡਣਾ ਪਿਆ।
ਇਸਦੇ ਨਾਲ ਉਨ੍ਹਾਂ ਨੇ ਕਿਹਾ ਕਿ ਅੱਜ ਜੋ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ ਗਿਆ ਸੀ ਉਸ ਨੂੰ ਡੱਲੇਵਾਲ ਦੀ ਰਿਹਾਈ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਹੈ।
ਸ਼ੰਭੂ ਬਾਰਡਰ ਦੇ ਰਾਹ ਨੂੰ ਖੋਲਣ ਦੀਆਂ ਅਫ਼ਵਾਹਾਂ ਦਾ ਖੰਡਨ ਕਰਦਿਆਂ ਪੰਧੇਰ ਨੇ ਕਿਹਾ ਕਿ ਸ਼ੰਭੂ ਬਾਰਡਰ ‘ਤੇ ਕੋਈ ਰਾਹ ਨਹੀਂ ਖੋਲਿਆ ਗਿਆ ਹੈ ਅਤੇ ਬੈਰੀਕੈਟਿੰਗ ਉਸੇ ਤਰ੍ਹਾਂ ਕੀਤੀ ਹੋਈ ਹੈ। ਪੰਧੇਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਰਕਾਰ ਨੂੰ ਦਿੱਲੀ ਜਾ ਕੇ ਅੰਦੋਲਨ ਕਰਨ ਲਈ ਥਾਂ ਸਬੰਧੀ ਇ-ਮੇਲ ਕੀਤੀ ਗਈ ਸੀ ਜਿਸ ਦਾ ਹਾਲੇ ਤੱਲ ਕੋਈ ਵੀ ਜਵਾਬ ਨਹੀਂ ਆਇਆ।
6 ਦਸੰਬਰ ਨੂੰ ਦਿੱਲੀ ਕੂਚ ਬਾਰੇ ਗੱਲ ਕਰਦਿਆਂ ਉਨਾਂ ਨੇ ਕਿਹਾ ਕਿ ਦਿੱਲੀ ਕੂਚ ਦੀਆਂ ਤਿਆਰੀਆਂ ਪੂਰੇ ਪੰਜਾਬ ਵਿੱਚ ਪੂਰੇ ਜ਼ੋਰਾਂ ਛੋਰਾਂ ’ਤੇ ਚੱਲ ਰਹੀਆਂ ਹਨ। ਪੰਧੇਰ ਨੇ ਕਿਹਾ ਕਿ ਇਸ ਸਬੰਧ ਵਿੱਚ ਪੂਰੇ ਪੰਜਾਬ ਵਿੱਚੋਂ ਕਿਸਾਨਾਂ ਦੇ ਜਥੇ ਸ਼ੰਭੂ ਬਾਰਡਰ ਵੱਲ ਕੂਚ ਕਰਨਗੇ। ਉਨ੍ਹਾਂ ਅਪੀਲ ਕੀਤੀ ਕਿ ਅਜਿਹੇ ’ਚ ਵੱਧ ਤੋਂ ਵੱਧ ਲੋਕ ਮੋਰਚੇ ’ਤੇ ਪਹੁੰਚਣ।