‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਅੱਜ ਇੱਕ ਹੋਰ ਵੱਡਾ ਐਲਾਨ ਕਰਦਿਆਂ ਸਕੂਲ ਟਰਾਂਸਪੋਰਟ ਨੂੰ ਕੋਵਿਡ ਸਮੇਂ ਦਾ ਟੈਕਸ ਭਰਨ ਵਿੱਚ ਤਿੰਨ ਮਹੀਨੇ ਦੀ ਮੋਹਲਤ ਦੇ ਦਿੱਤੀ ਹੈ। ਸਕੂਲ ਟਰਾਂਸਪੋਰਟਰ ਸਾਲ 2019 ਤੋਂ ਲੈ ਕੇ 2021 ਦੇ ਕੋਵਿਡ ਸਮੇਂ ਦਾ ਟੈਕਸ 24 ਜੁਲਾਈ ਤੱਕ ਭਰ ਸਕਣਗੇ ਅਤੇ ਇਸ ਉੱਤੇ ਸਰਕਾਰ ਨਾ ਕੋਈ ਜ਼ੁਰਮਾਨਾ ਲਾਵੇਗੀ ਅਤੇ ਨਾ ਹੀ ਕੋਈ ਵਿਆਜ ਵਸੂਲਿਆ ਜਾਵੇਗਾ। ਇਸ ਫੈਸਲੇ ਵਿੱਚ ਸਕੂਲੀ ਬੱਚਿਆਂ ਨੂੰ ਢਾਹੁਣ ਵਾਲੀਆਂ ਬੱਸਾਂ, ਮਿੰਨੀ ਬੱਸਾਂ, ਟਰੱਕ, ਰਿਕਸ਼ਾ ਅਤੇ ਮੈਕਸ ਕੈਬ ਸਮੇਤ ਹੋਰ ਸਾਰੇ ਵਾਹਨ ਸ਼ਾਮਿਲ ਹਨ। ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਕਾਰ ਦੇ ਇਸ ਫੈਸਲੇ ਦਾ ਐਲ਼ਾਨ ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਟਵਿੱਟਰ ਹੈਂਡਲ ਉੱਤੇ ਅੱਜ ਸਵੇਰ ਤੋਂ ਹੀ ਫੈਸਲੇ ਦੀ ਜਾਣਕਾਰੀ ਦੇ ਕੇ ਲੋਕਾਂ ਵਿੱਚ ਉਤਸੁਕਤਾ ਵਧਾਈ ਗਈ ਸੀ।
ਕੰਗ ਨੇ ਇਸ ਤੋਂ ਪਹਿਲਾਂ ਦੋ ਕਰਜ਼ਈ ਕਿਸਾਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਸਰਕਾਰ ਦਾ ਪੱਖ ਦੱਸਿਆ ਅਤੇ ਵਿਰੋਧੀ ਧਿਰਾਂ ਉੱਤੇ ਨਿਸ਼ਾਨੇ ਕੱਸੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਏ ਸਨ। ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਅੱਗੇ ਵਧਾਇਆ ਪਰ ਉਨ੍ਹਾਂ ਇਹ ਵੀ ਕਿਹਾ ਕਿ ਚਰਨਜੀਤ ਸਿੰਘ ਚੰਨੀ ਵੇਲੇ ਬੈਂਕਾਂ ਵੱਲੋਂ ਕਰਜ਼ਈ ਕਿਸਾਨਾਂ ਦੇ ਵਾਰੰਟ ਜਾਰੀ ਕੀਤੇ ਗਏ ਸਨ ਅਤੇ ਹੁਣ ਆਪ ਦੀ ਸਰਕਾਰ ਆਉਣ ਤੋਂ ਬਾਅਦ ਸਹਿਕਾਰਤਾ ਵਿਭਾਗ ਦੇ ਕੁੱਝ ਅਫ਼ਸਰਾਂ ਨੇ ਵਿਰੋਧੀ ਧਿਰ ਦੀ ਸ਼ਹਿ ਉੱਤੇ ਉਹ ਵਾਰੰਟ ਰਿਨਿਊ ਕਰਕੇ ਜਾਰੀ ਕਰ ਦਿੱਤੇ ਸਨ। ਉਨ੍ਹਾਂ ਨੇ ਕਿਹਾ ਕਿ ਵਿਰੋਧੀਆਂ ਨੇ ਸਰਕਾਰ ਨੂੰ ਬਦਨਾਮ ਕਰਨ ਲਈ ਇੱਕ ਗਿਣੀ ਮਿੱਥੀ ਸਾਜਿਸ਼ ਤਹਿਤ ਇਹ ਕਾਰਵਾਈ ਕੀਤੀ ਹੈ। ਆਪ ਦੇ ਮੁੱਖ ਬੁਲਾਰੇ ਨੇ ਇਹ ਵੀ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਿਨ੍ਹਾਂ ਕੋਲ ਸਹਿਕਾਰਤਾ ਵਿਭਾਗ ਵੀ ਹੈ, ਨੇ ਸਰਕਾਰ ਨੂੰ ਬਦਨਾਮ ਕਰਨ ਵਾਲੇ ਅਫ਼ਸਰਾਂ ਦੀ ਸ਼ਨਾਖਤ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਜਿਹੇ ਅਫ਼ਸਰਾਂ ਨੂੰ ਨਹੀਂ ਬਖਸ਼ੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਕਾਰਨ ਕਿਸਾਨ ਕਰਜ਼ਈ ਹੋਇਆ ਹੈ। ਉਨ੍ਹਾਂ ਨੇ ਆਪ ਦੀ ਸਰਕਾਰ ਵੱਲੋਂ ਖੇਤੀਬਾੜੀ ਨੀਤੀ ਜਾਰੀ ਕਰਨ ਦਾ ਵਾਅਦਾ ਦੁਹਰਾਇਆ। ਦੱਸਣਯੋਗ ਹੈ ਕਿ ਮੁੱਖ ਮੰਤਰੀ ਦੇ ਫੈਸਲੇ ਦੀ ਜਾਣਕਾਰੀ ਭਗਵੰਤ ਸਿੰਘ ਮਾਨ ਦੇ ਟਵਿੱਟਰ ਹੈਂਡਲ ਤੋਂ ਵੀ ਪ੍ਰਚਾਰਨੀ ਸ਼ੁਰੂ ਕਰ ਦਿੱਤੀ ਗਈ ਹੈ।