Punjab

ਪੰਜਾਬ ਸਰਕਾਰ ਨੇ ਲਏ ਵੱਡੇ ਫੈਸਲੇ, ਸੂਬੇ ‘ਚ 31 ਮਾਰਚ ਤੱਕ ਸਕੂਲ-ਕਾਲਜ ਕੀਤੇ ਬੰਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ 31 ਮਾਰਚ ਤੱਕ ਸੂਬੇ ਦੇ ਸਾਰੇ ਸਕੂਲ ਅਤੇ ਕਾਲਜਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਕਾਲਜ ਦੀਆਂ ਪ੍ਰੀਖਿਆਵਾਂ ਵੀ ਮੁਲਤਵੀ ਕੀਤੀਆਂ ਗਈਆਂ ਹਨ। ਮੀਟਿੰਗ ਵਿੱਚ ਫਿਲਹਾਲ ਲਾਕਡਾਊਨ ‘ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਮਾਲ ਵਿੱਚ ਇਕੱਠੇ 100 ਤੋਂ ਵੱਧ ਲੋਕਾਂ ਦੀ ਐਂਟਰੀ ‘ਤੇ ਰੋਕ ਲਾ ਦਿੱਤੀ ਗਈ ਹੈ। ਸਿਨੇਮਾ ਹਾਲ ਵਿੱਚ 50 ਫੀਸਦ ਲੋਕਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਹੋਵੇਗੀ। ਮਾਸਕ ਨਾ ਪਾਉਣ ਵਾਲਿਆਂ ਦਾ RT-PCR ਟੈਸਟ ਕੀਤਾ ਜਾਵੇਗਾ।

ਵਿਆਹ ਸਮਾਗਮਾਂ ਵਿੱਚ 20 ਲੋਕ ਹੀ ਸ਼ਾਮਿਲ ਹੋਣਗੇ। ਅੰਤਿਮ ਸਸਕਾਰ ਵਿੱਚ ਵੀ 20 ਤੋਂ ਵੱਧ ਲੋਕ ਸ਼ਾਮਿਲ ਨਹੀਂ ਹੋ ਸਕਦੇ। ਐਤਵਾਰ ਨੂੰ ਸਾਰੇ ਮਾਲ ਅਤੇ ਰੈਸਟੋਰੈਂਟ ਬੰਦ ਰਹਿਣਗੇ। 21 ਮਾਰਚ ਨੂੰ ਇਹ ਪਾਬੰਦੀਆਂ ਲਾਗੂ ਹੋਣਗੀਆਂ। ਸੂਬੇ ਦੇ ਸਾਰੇ 22 ਜ਼ਿਲ੍ਹਿਆਂ ਵਿੱਚ ਮਾਈਕ੍ਰੋ-ਕੰਟੇਨਮੈਂਟ ਸਟ੍ਰੇਟਜੀ ਨੂੰ ਮੁੜ ਲਾਗੂ ਕੀਤਾ ਜਾਵੇਗਾ ਅਤੇ ਰੋਜ਼ਾਨਾ 35 ਹਜ਼ਾਰ ਕੋਵਿਡ ਟੈਸਟ ਹੋਣਗੇ। ਚੰਗੀਆਂ ਸਹੂਲਤਾਂ ਨਾਲ ਲੈਸ ਹਸਪਤਾਲਾਂ ਨੂੰ ਕੋਵਿਡ ਲਈ ਬੈੱਡ ਰਾਖਵੇਂ ਰੱਖਣ ਲਈ ਕਿਹਾ ਗਿਆ ਹੈ। ਕੈਪਟਨ ਅਮਰਿੰਦਰ ਨੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ 31 ਮਾਰਚ ਤੱਕ ਹਫ਼ਤੇ ਦੇ ਸੱਤੇ ਦਿਨ ਰੋਜ਼ਾਨਾ 8 ਘੰਟੇ ਲਈ ਵੈਕਸੀਨ ਦੀ ਸੁਵਿਧਾ ਦੇਣ ਲਈ ਕਿਹਾ ਹੈ। ਪੰਜਾਬ ਕਾਂਗਰਸ ਨੇ 31 ਮਾਰਚ ਤੱਕ ਸਾਰੀਆਂ ਰੈਲੀਆਂ ਰੋਕਣ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਨਾਲ ਹੀ ਹੋਰਨਾਂ ਸਿਆਸੀ ਪਾਰਟੀਆਂ ਨੂੰ ਵੀ ਰੈਲੀਆਂ ਵਿੱਚ ਗਿਣਤੀ ਬਾਬਤ ਧਿਆਨ ਰੱਖਣ ਨੂੰ ਕਿਹਾ ਹੈ। ਕੈਪਟਨ ਨੇ ਅੰਮ੍ਰਿਤਸਰ ਦੇ ਡੀਸੀ ਰਾਹੀਂ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਦੀ ਮੈਨੇਜਮੈਂਟ ਨੂੰ ਹਦਾਇਤ ਦਿੱਤੀ ਹੈ ਕਿ ਉਹ ਇਨ੍ਹਾਂ ਧਾਰਮਿਕ ਅਸਥਾਨਾਂ ਅੰਦਰ ਮਾਸਕ ਪਾਉਣ ਜ਼ਰੂਰੀ ਕਰਨ।

ਪੰਜਾਬ ਦੇ ਸਭ ਤੋਂ ਪ੍ਰਭਾਵਿਤ 11 ਜ਼ਿਲ੍ਹਿਆਂ ਵਿੱਚ ਸ਼ਹਿਰੀ ਇਲਾਕਿਆਂ ਲਈ ਇਹ ਹੁਕਮ ਜਾਰੀ ਕੀਤਾ ਗਿਆ ਹੈ। ਇਹ ਹੁਕਮ ਇਨ੍ਹਾਂ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਲਾਗੂ ਨਹੀਂ ਹੋਣਗੇ। ਇਨ੍ਹਾਂ ਜ਼ਿਲ੍ਹਿਆਂ ਵਿੱਚ ਕਪੂਰਥਲਾ, ਪਟਿਆਲਾ, ਜਲੰਧਰ, ਲੁਧਿਆਣਾ, ਮੁਹਾਲੀ, ਅੰਮ੍ਰਿਤਸਰ, ਗੁਰਦਾਸਪੁਰ, ਰੋਪੜ, ਹੁਸ਼ਿਆਰਪੁਰ, ਨਵਾਂ ਸ਼ਹਿਰ ਅਤੇ ਫਤਿਹਗੜ੍ਹ ਸਾਹਿਬ ਸ਼ਾਮਿਲ ਹਨ। ਇਨ੍ਹਾਂ ਜ਼ਿਲ੍ਹਿਆਂ ਨੂੰ ਹੌਟ-ਸਪਾਟ ਜ਼ਿਲ੍ਹੇ ਐਲਾਨਿਆ ਗਿਆ ਹੈ।

ਇਨ੍ਹਾਂ 11 ਜ਼ਿਲ੍ਹਿਆਂ ਵਿੱਚ ਸਰਕਾਰ ਦਫਤਰਾਂ ਵਿੱਚ 31 ਮਾਰਚ ਤੱਕ ਪਬਲਿਕ ਡੀਲਿੰਗ ਬੰਦ ਕਰ ਦਿੱਤੀ ਗਈ ਹੈ। ਕਿਸਾਨਾਂ ਲਈ, ਖਾਸਕਰ, ਜਿਨ੍ਹਾਂ ਕਿਸਾਨਾਂ ਦੀ ਫਸਲ ਵਾਢੀ ਲਈ ਬਿਲਕੁਲ ਤਿਆਰ ਹੈ, ਉਨ੍ਹਾਂ ਲਈ ਵੀ ਇਸ ਮੀਟਿੰਗ ਵਿੱਚ ਅਹਿਮ ਫੈਸਲਾ ਕੀਤਾ ਗਿਆ ਹੈ। ਇਸ ਵਾਰ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਨਹੀਂ ਹੋਵੇਗੀ। ਇਸ ਵਾਰ ਕਣਕ ਦੀ ਸਰਕਾਰੀ ਖਰੀਦ 10 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਆਮ ਤੌਰ ‘ਤੇ ਪੰਜਾਬ ਵਿੱਚ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਜਾਂਦੀ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਐੱਸ.ਐੱਸ.ਪੀ ਅਤੇ ਹੋਰ ਸੀਨੀਅਰ ਸਿਹਤ ਅਧਿਕਾਰੀਆਂ ਨਾਲ ਸੂਬੇ ਅੰਦਰ ਕੋਵਿਡ-19 ਦੀ ਸਥਿਤੀ ਦੀ ਸਮੀਖਿਆ ਕੀਤੀ। ਕੈਪਟਨ ਦੀ ਅਗਵਾਈ ਹੇਠ ਕੋਵਿਡ ਰਿਵਿਊ ਬੈਠਕ ਕਰੀਬ ਦੋ ਘੰਟੇ ਚੱਲੀ। ਪੰਜਾਬ ਦੇ ਸਿਹਤ ਮੰਤਰੀ ਵੀ ਇਸ ਵਿੱਚ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੋਵਿਡ ਨੂੰ ਲੈ ਕੇ ਹਦਾਇਤਾਂ ਸਮੇਂ-ਸਮੇਂ ਜਾਰੀ ਕੀਤੀਆਂ ਜਾਣਗੀਆਂ।