Punjab

ਲੰਪੀ ਸਕਿਨ ਨੂੰ ਲੈ ਕੇ ਪੰਜਾਬ ਸਰਕਾਰ ਦੀ ਐਡਵਾਇਜ਼ਰੀ

ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਬਿਮਾਰੀ ਨੂੰ ਰੋਕਣ ਦੇ ਲਈ ਅੱਜ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਤੋਂ ਬਾਅਦ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਬਿਮਾਰੀ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਤਰਨਤਾਰਨ ਹਨ। ਇਸ ਬਿਮਾਰੀ ਦੇ ਲਈ ਵੱਡੇ ਪੱਧਰ ਉੱਤੇ ਵੈਕਸੀਨ ਮੰਗਵਾ ਲਈ ਹੈ, ਪੰਜਾਬ ਸਰਕਾਰ ਕੋਲ ਪੈਸੇ ਦੀ ਘਾਟ ਨਹੀਂ ਹੈ। ਪਸ਼ੂਆਂ ਨੂੰ ਮੁਫ਼ਤ ਵੈਕਸੀਨ ਲਗਾਈ ਜਾਵੇਗੀ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ
  • ਸੂਬਾ ਸਰਕਾਰ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਜੋ ਪਸ਼ੂ ਇਸ ਬਿਮਾਰੀ ਤੋਂ ਪ੍ਰਭਾਵਿਤ ਹਨ, ਉਨ੍ਹਾਂ ਨੂੰ ਦੂਜੇ ਪਸ਼ੂਆਂ ਨਾਲੋਂ ਅਲੱਗ ਰੱਖਿਆ ਜਾਵੇ। ਮਾਨ ਨੇ ਪਸ਼ੂਆਂ ਨੂੰ ਝੁੰਡ ਵਿੱਚ ਨਾ ਰੱਖਣ ਦੀ ਅਪੀਲ ਕੀਤੀ ਹੈ।
  • ਪਸ਼ੂਆਂ ਦੀ ਇਮਊਨਿਟੀ ਵਧਾਉਣ ਦੇ ਲਈ ਪਸ਼ੂ ਪਾਲਣ ਵਿਭਾਗ ਕੈਲਸ਼ੀਅਮ ਅਤੇ ਹੋਰ ਡੋਜ਼ਾਂ ਦੇ ਰਿਹਾ ਹੈ।
  • ਪੰਜਾਬ ਵਿੱਚ ਹੋਣ ਵਾਲੇ ਸਾਰੇ ਪਸ਼ੂ ਮੇਲਿਆਂ ਉੱਤੇ ਫਿਲਹਾਲ ਰੋਕ ਲਾ ਦਿੱਤੀ ਗਈ ਹੈ।
  • ਭਾਰਤ ਸਰਕਾਰ ਨਾਲ ਅਸੀਂ ਲਗਾਤਾਰ ਸੰਪਰਕ ਵਿੱਚ ਹਾਂ। ਜੇਕਰ ਇਸ ਬਿਮਾਰੀ ਨਾਲ ਨਜਿੱਠਣ ਲਈ ਕੋਈ ਹੋਰ ਵੈਕਸੀਨ ਹੋਈ ਤਾਂ ਉਸਨੂੰ ਵੀ ਮੰਗਵਾਇਆ ਜਾਵੇਗਾ।
  • ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਬਿਮਾਰੀ ਤੋਂ ਪ੍ਰਭਾਵਿਤ ਪਸ਼ੂਆਂ ਨੂੰ ਦੱਬਣ ਦਾ ਸਾਰਾ ਪ੍ਰਬੰਧ ਪ੍ਰਸ਼ਾਸਨ ਵੱਲੋਂ ਕੀਤਾ ਜਾਵੇ। ਪੰਚਾਇਤ ਦੀਆਂ ਜ਼ਮੀਨਾਂ ਜਾਂ ਜਿੱਥੇ ਵੀ ਜਗ੍ਹਾ ਮਿਲਦੀ ਹੈ, ਉੱਥੇ ਮ੍ਰਿਤਕ ਪਸ਼ੂਆਂ ਨੂੰ ਦੱਬਿਆ ਜਾਵੇ। ਮਾਨ ਨੇ ਕਿਹਾ ਕਿ ਸਾਨੂੰ ਕਈ ਰਿਪੋਰਟਾਂ ਮਿਲੀਆਂ ਸਨ ਕਿ ਕਈ ਲੋਕ ਮਰਨ ਵਾਲੇ ਪਸ਼ੂਆਂ ਨੂੰ ਸੜਕਾਂ ਦੇ ਕਿਨਾਰੇ ਉੱਤੇ ਸੁੱਟ ਗਏ ਸਨ।
  • ਪੰਜਾਬ ਦੇ ਸਾਰੇ ਬਾਰਡਰਾਂ ਤੋਂ ਕਿਸੇ ਪਸ਼ੂ ਡੰਗਰ ਆਉਣ ਉੱਤੇ ਅਗਲੇ ਹੁਕਮਾਂ ਤੱਕ ਪਾਬੰਦੀ ਲਗਾਈ ਗਈ ਹੈ।
  • ਜਿਨ੍ਹਾਂ ਕੋਲ ਜ਼ਿਆਦਾ ਪਸ਼ੂ ਹਨ, ਉਨ੍ਹਾਂ ਨੂੰ ਅਪੀਲ ਹੈ ਕਿ ਉਹ ਸੜਕਾਂ, ਹਾਈਵੇਅ ਦੇ ਨੇੜੇ ਆਪਣੇ ਪਸ਼ੂ ਨਾ ਚਰਾਉਣ ਕਿਉਂਕਿ ਇਸ ਨਾਲ ਹਾਦਸੇ ਹੁੰਦੇ ਹਨ।
  • ਇੱਕ ਤਾਲਮੇਲ ਕਮੇਟੀ ਜਿਸ ਵਿੱਚ ਤਿੰਨ ਮੰਤਰੀ, ਯੂਨੀਵਰਸਿਟੀ ਦੇ ਵੈਟਰਨਰੀ ਵਿਭਾਗ ਦੇ ਡੀਨ ਅਤੇ ਪਸ਼ੂ ਪਾਲਣ ਵਿਭਾਗ ਦੇ ਸੈਕਟਰੀ ਸ਼ਾਮਿਲ ਹਨ। ਇਹ ਕਮੇਟੀ ਰੋਜ਼ਾਨਾ ਸਥਿਤੀ ਉੱਤੇ ਨਿਗਰਾਨੀ ਰੱਖੇਗੀ।
  • ਪਸ਼ੂਆਂ ਦੀ ਜਗ੍ਹਾ ਉੱਤੇ ਮੱਛਰ ਮਾਰਨ ਵਾਲੀ ਦਵਾਈ ਦਾ ਛਿੜਕਾਅ ਕੀਤਾ ਜਾਵੇਗਾ।
  • ਪਸ਼ੂ ਪਾਲਣ ਵਿਭਾਗ ਅਤੇ ਪੰਚਾਇਤ ਵਿਭਾਗ ਨੂੰ ਇਸ ਬਿਮਾਰੀ ਨਾਲ ਨਜਿੱਠਣ ਲਈ ਪੈਸੇ ਦੀ ਕੋਈ ਕਮੀ ਨਹੀਂ ਆਉਣ ਦੇਵਾਂਗੇ।
  • ਲੰਪੀ ਸਕਿਨ ਨੂੰ ਰੋਕਣ ਲਈ ਲਗਭਗ 86000 ਖੁਰਾਕਾਂ ਦਾ ਆਰਡਰ ਦਿੱਤਾ ਗਿਆ ਹੈ।
  • ਪਿਛਲੇ ਦੋ ਤਿੰਨ ਦਿਨਾਂ ਤੋਂ ਇਸ ਬਿਮਾਰੀ ਦੇ ਘਟਣ ਦੇ ਸੰਕੇਤ ਮਿਲ ਰਹੇ ਹਨ।
  • ਮੁੱਖ ਮੰਤਰੀ ਮਾਨ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਲਈ ਕਿਹਾ ਹੈ।

ਮੁੱਖ ਮੰਤਰੀ ਮਾਨ ਨੇ ਦਾਅਵਾ ਕੀਤਾ ਕਿ ਭਵਿੱਖ ਵਿੱਚ ਅਸੀਂ ਮਰ ਚੁੱਕੇ ਪਸ਼ੂਆਂ ਦੇ ਮੁਆਵਜ਼ੇ ਲਈ ਵੀ ਕੋਈ ਕਮੇਟੀ ਬਣਾਉਣ ਬਾਰੇ ਸੋਚਾਂਗੇ। ਲੋਕਾਂ ਵਿੱਚ ਇੱਕ ਅਫਵਾਹ ਫੈਲ ਰਹੀ ਹੈ ਕਿ ਬਿਮਾਰੀ ਤੋਂ ਪ੍ਰਭਾਵਿਤ ਪਸ਼ੂਆਂ ਦਾ ਦੁੱਧ ਪੀਣ ਨਾਲ ਲੋਕਾਂ ਨੂੰ ਵੀ ਬਿਮਾਰੀ ਹੋ ਜਾਵੇਗੀ। ਇਸਦਾ ਖੰਡਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪਸ਼ੂਆਂ ਦਾ ਦੁੱਧ ਨੂੰ ਉਬਾਲ ਕੇ ਪੀਣ ਨਾਲ ਕੋਈ ਬਿਮਾਰੀ ਨਹੀਂ ਹੁੰਦੀ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬਿਕਰਮ ਮਜੀਠੀਆ ਕਰਕੇ ਕਾਂਗਰਸ ਨੇ ਦੋ ਡੀਜੀਪੀ ਬਦਲ ਦਿੱਤੇ ਸਨ। ਤਾਂ ਹੀ ਤਾਂ ਉਹ ਮੁੱਛਾਂ ਉੱਤੇ ਹੱਥ ਫੇਰ ਕੇ ਕਹਿੰਦਾ ਰਿਹਾ ਸੀ ਕਿ ਕਰਲੋ ਮੇਰਾ ਜੋ ਕਰਨਾ। ਆਯੂਸ਼ਮਾਨ ਸਕੀਮ ਬਾਰੇ ਬੋਲਦਿਆਂ ਕਿਹਾ ਕਿ ਅਸੀਂ ਜਲਦ ਹੀ ਬਕਾਇਆ ਦੇ ਦੇਵਾਂਗੇ।