ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੀਆਰਟੀਸੀ ਅਤੇ ਪਨਬੱਸ ਮੁਲਾਜ਼ਮਾਂ ਦੀਆਂ ਦੋ ਹੋਰ ਮੰਗਾਂ ਮੰਨ ਲਈਆਂ ਹਨ। ਸਰਕਾਰ ਨੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿਚ 5 ਫ਼ੀ ਸਦੀ ਵਾਧਾ ਕਰਨ ਦਾ ਪੱਤਰ ਜਾਰੀ ਕਰ ਦਿਤਾ ਹੈ। ਇਸ ਦੇ ਨਾਲ ਹੀ ਬਾਹਰ ਕੱਢੇ ਗਏ 25-30 ਕਰਮਚਾਰੀਆਂ ਨੂੰ ਕੰਮ ’ਤੇ ਵਾਪਸ ਬੁਲਾ ਲਿਆ ਗਿਆ ਹੈ। ਹੁਣ ਯੂਨੀਅਨ ਦੀ 4 ਅਕਤੂਬਰ ਨੂੰ ਵਿੱਤ ਮੰਤਰੀ ਨਾਲ ਮੀਟਿੰਗ ਹੋਵੇਗੀ। ਇਸ ਸਹਿਮਤੀ ਤੋਂ ਬਾਅਦ ਪੀਆਰਟੀਸੀ ਅਤੇ ਪਨਬੱਸ ਕਰਮਚਾਰੀ ਹੁਣ 2 ਅਕਤੂਬਰ (ਯਾਨੀ ਅੱਜ) ਨੂੰ ਮੁੱਖ ਮੰਤਰੀ ਵਿਰੁਧ ਰੋਸ ਪ੍ਰਦਰਸ਼ਨ ਨਹੀਂ ਕਰਨਗੇ।
ਪੰਜਾਬ ਰੋਡਵੇਜ਼-ਪਨਬੱਸ ਪੀਆਰਟੀਸੀ ਜ਼ਿਲ੍ਹਾ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਯੂਨੀਅਨ ਆਪਣੀਆਂ ਮੰਗਾਂ ਨੂੰ ਲੈ ਕੇ 20 ਸਤੰਬਰ ਨੂੰ ਹੜਤਾਲ ’ਤੇ ਗਈ ਸੀ। ਇਸ ਸਬੰਧੀ ਟਰਾਂਸਪੋਰਟ ਮੰਤਰੀ ਨੇ ਉਨ੍ਹਾਂ ਨਾਲ ਮੀਟਿੰਗ ਕਰਕੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ 5 ਫ਼ੀਸਦੀ ਵਾਧਾ ਕਰਨ ਅਤੇ ਬਰਖ਼ਾਸਤ ਮੁਲਾਜ਼ਮਾਂ ਨੂੰ ਬਹਾਲ ਕਰਨ ਦੀਆਂ ਮੰਗਾਂ ਮੰਨ ਲਈਆਂ। ਇੱਕ ਹਫ਼ਤੇ ਦੇ ਅੰਦਰ ਮੁੱਖ ਮੰਤਰੀ ਨਾਲ ਮੀਟਿੰਗ ਕਰਨ ‘ਤੇ ਸਹਿਮਤੀ ਬਣੀ। ਪਰ ਇਨ੍ਹਾਂ ਗੱਲਾਂ ਨੂੰ ਟਾਲਿਆ ਜਾ ਰਿਹਾ ਸੀ।
ਇਸ ਤਹਿਤ ਯੂਨੀਅਨ ਵੱਲੋਂ 2 ਅਕਤੂਬਰ ਨੂੰ ਪਟਿਆਲਾ ਵਿੱਚ ਕਾਲੇ ਬਿੱਲੇ ਲਗਾ ਕੇ ਮੁੱਖ ਮੰਤਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਸੀ। ਯੂਨੀਅਨ ਦੇ ਸੂਬਾ ਸਕੱਤਰ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ 5 ਫ਼ੀਸਦੀ ਵਾਧਾ ਕਰਨ ਦਾ ਪੱਤਰ ਜਾਰੀ ਕੀਤਾ ਹੈ।
ਫਾਰਮ ਭਰਨ ਅਤੇ ਬਲੈਕਲਿਸਟ ਕਰਨ ਤੋਂ ਬਾਅਦ ਕੱਢੇ ਗਏ 25-30 ਮੁਲਾਜ਼ਮਾਂ ਨੂੰ ਵਾਪਸ ਡਿਊਟੀ ‘ਤੇ ਬੁਲਾਇਆ ਗਿਆ ਹੈ। ਹੋਰ ਮੰਗਾਂ ਸਬੰਧੀ 4 ਅਕਤੂਬਰ ਨੂੰ ਵਿੱਤ ਮੰਤਰੀ ਯੂਨੀਅਨ ਨਾਲ ਮੀਟਿੰਗ ਕਰਨਗੇ। ਯੂਨੀਅਨ ਨੇ ਇਨ੍ਹਾਂ ਗੱਲਾਂ ਦੀ ਹਾਮੀ ਭਰੀ ਹੈ। ਜਿਸ ਕਾਰਨ ਹੁਣ ਮੁੱਖ ਮੰਤਰੀ ਦਾ ਕੋਈ ਵਿਰੋਧ ਨਹੀਂ ਹੋਵੇਗਾ।