ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫਾ ਮਨਜ਼ੂਰ ਹੋ ਗਿਆ ਹੈ। ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਗਵਰਨਰ ਹੋਣਗੇ। ਦਰਅਸਲ ਗੁਲਾਬ ਚੰਦ ਕਟਾਰੀਆ ਆਸਾਮ ਦੇ ਗਵਰਨਰ ਸਨ ਅਤੇ ਹੁਣ ਉਹ ਪੰਜਾਬ ਦੇ ਗਵਰਨਰ ਹੋਣਗੇ। ਚੰਡੀਗੜ੍ਹ ਦੇ ਪ੍ਰਸ਼ਾਸਨਿਕ (New Governor of Punjab) ਵਜੋਂ ਵੀ ਨਾਲ ਜ਼ਿੰਮੇਵਾਰੀ ਨਿਭਾਉਣਗੇ।
ਇਸ ਤੋਂ ਪਹਿਲਾਂ ਉਨ੍ਹਾਂ ਨੂੰ ਪਿਛਲੇ ਸਾਲ ਫਰਵਰੀ 2023 ਵਿੱਚ ਅਸਾਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਰਾਜਪਾਲ ਵਜੋਂ ਇਹ ਉਨ੍ਹਾਂ ਦੀ ਦੂਜੀ ਨਿਯੁਕਤੀ ਹੈ। ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਸਾਬਕਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ।
ਪ੍ਰਾਈਵੇਟ ਸਕੂਲ ਅਧਿਆਪਕ ਵਜੋਂ ਆਪਣਾ ਗੁਜ਼ਾਰਾ ਚਲਾਉਣ ਵਾਲੇ ਕਟਾਰੀਆ ਨੇ ਪਹਿਲੀ ਵਾਰ 1977 ਵਿੱਚ ਚੋਣ ਲੜੀ ਸੀ। ਉਹ ਉਦੈਪੁਰ ਸ਼ਹਿਰ ਸੀਟ ਤੋਂ ਵਿਧਾਇਕ ਚੁਣੇ ਗਏ ਸਨ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੇ ਜੀਵਨ ਕਾਲ ‘ਚ ਕੁੱਲ 11 ਚੋਣਾਂ ਲੜੀਆਂ, ਜਿਨ੍ਹਾਂ ‘ਚੋਂ 9 ‘ਚ ਜਿੱਤ ਹਾਸਲ ਕੀਤੀ। ਸਾਲ 1998 ਵਿੱਚ ਉਹ ਸਾਦਰੀ ਤੋਂ ਸੰਸਦ ਮੈਂਬਰ ਵਜੋਂ ਚੋਣ ਜਿੱਤੇ। ਉਹ ਪਿਛਲੀਆਂ ਚੋਣਾਂ 2018 ਵਿੱਚ ਜਿੱਤ ਕੇ 15ਵੀਂ ਰਾਜਸਥਾਨ ਵਿਧਾਨ ਸਭਾ ਵਿੱਚ ਪੁੱਜੇ ਸਨ।
ਉਦੈਪੁਰ ਵਿੱਚ ਸਿਆਸੀ ਸਫ਼ਰ
ਗੁਲਾਬ ਚੰਦ ਕਟਾਰੀਆ ਦਾ ਸਿਆਸੀ ਸਫ਼ਰ ਉਦੈਪੁਰ ਤੋਂ ਸ਼ੁਰੂ ਹੋ ਕੇ ਇੱਥੇ ਹੀ ਸਮਾਪਤ ਹੋਇਆ। 2003 ਤੋਂ ਉਦੈਪੁਰ ਸ਼ਹਿਰ ਸੀਟ ਤੋਂ ਵਿਧਾਇਕ ਗੁਲਾਬਚੰਦ ਕਟਾਰੀਆ ਰਾਜਸਥਾਨ ਸਰਕਾਰ ਵਿੱਚ ਗ੍ਰਹਿ ਮੰਤਰੀ ਰਹੇ ਹਨ। 1977, 1980, 2003 ਤੋਂ 2018 ਤੱਕ, ਉਨ੍ਹਾਂ ਨੇ ਭਾਜਪਾ ਨੂੰ ਉਦੈਪੁਰ ਤੋਂ ਜਿੱਤ ਦਿਵਾਈ। ਲਗਾਤਾਰ ਕਾਰਜਕਾਲ ਦੇ ਬਾਅਦ ਉਨ੍ਹਾਂ ਨੇ ਉਦੈਪੁਰ ਨੂੰ ਭਾਜਪਾ ਦਾ ਗੜ੍ਹ ਬਣਾ ਲਿਆ ਸੀ।
ਹੁਣ ਤੱਕ ਪੰਜਾਬ ਦੇ ਰਾਜਪਾਲ ਦਾ ਚਾਰਜ ਸੰਭਾਲ ਰਹੇ ਬਨਵਾਰੀ ਲਾਲ ਪੁਰੋਹਿਤ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿਚਾਲੇ ਕਈ ਵਾਰ ਟਕਰਾਅ ਹੋ ਚੁੱਕਾ ਹੈ। ਮਾਮਲਾ ਕਈ ਵਾਰ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੱਕ ਪਹੁੰਚਿਆ। ਬਨਵਾਰੀ ਲਾਲ ਪੁਰੋਹਿਤ ਨੂੰ 31 ਅਗਸਤ 2021 ਨੂੰ ਰਾਸ਼ਟਰਪਤੀ ਦੁਆਰਾ ਪੰਜਾਬ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਬੀਤੀ ਰਾਤ ਹੀ ਪੁਰੋਹਿਤ ਨੇ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਭੇਜ ਦਿੱਤਾ ਸੀ, ਜਿਸ ਨੂੰ ਰਾਸ਼ਟਰਪਤੀ ਨੇ ਸਵੀਕਾਰ ਕਰ ਲਿਆ ਹੈ।
ਅਹੁਦਾ ਛੱਡਣ ਸਮੇਂ ਵੀ ਸੀ.ਐਮ ਮਾਨ ‘ਤੇ ਲੱਗਾਏ ਦੋਸ਼
ਦੋ ਦਿਨ ਪਹਿਲਾਂ ਹੀ ਰਾਜਪਾਲ ਪੁਰੋਹਿਤ ਪੰਜਾਬ ਸਰਹੱਦੀ ਖੇਤਰ ਦੇ ਦੌਰੇ ਤੋਂ ਪਰਤੇ ਸਨ। ਚੰਡੀਗੜ੍ਹ ਪਹੁੰਚਦੇ ਹੀ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ‘ਤੇ ਦੋਸ਼ਾਂ ਦੀ ਵਰਖਾ ਕੀਤੀ। ਇਹ ਵੀ ਦੋਸ਼ ਲਾਇਆ ਗਿਆ ਕਿ ਉਨ੍ਹਾਂ ਮੁੱਖ ਮੰਤਰੀ ਮਾਨ ਤੋਂ ਨਾਰਾਜ਼ ਹੋ ਕੇ ਅਸਤੀਫ਼ਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ (ਭਗਵੰਤ ਮਾਨ) ਨੂੰ ਮੇਰਾ ਚਾਂਸਲਰ ਬਣਨਾ ਪਸੰਦ ਨਹੀਂ ਸੀ। ਇਸੇ ਲਈ ਮੈਂ ਅਸਤੀਫਾ ਦਿੱਤਾ ਹੈ। ਮੈਨੂੰ ਕਿਸੇ ਤੋਂ ਵੋਟ ਨਹੀਂ ਚਾਹੀਦਾ, ਮੈਂ ਇੱਥੇ ਨਿਰਸਵਾਰਥ ਕੰਮ ਕਰ ਰਿਹਾ ਹਾਂ। ਜੇਕਰ ਮੈਂ ਕਿਸੇ ਨਾਲ ਵੀ ਗੱਲ ਕਰਦਾ ਹਾਂ ਤਾਂ ਉਹ ਸਿੱਧਾ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨਾਲ ਹੁੰਦਾ ਹੈ। ‘ਆਪ’, ਭਾਜਪਾ ਅਤੇ ਕਾਂਗਰਸ ਦੇ ਲੋਕ ਵੀ ਸਮੱਸਿਆਵਾਂ ਲੈ ਕੇ ਆਉਂਦੇ ਹਨ। ਮੈਂ ਸਾਰਿਆਂ ਨੂੰ ਸੁਣਦਾ ਹਾਂ।
ਪੰਜਾਬ ਵਿੱਚ ਜੋ ਕੰਮ ਨਹੀਂ ਹੋਏ, ਉਨ੍ਹਾਂ ਨੂੰ ਕਰਵਾਉਣਾ ਮੇਰੀ ਜ਼ਿੰਮੇਵਾਰੀ ਹੈ। ਮੈਂ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦਾ ਚਾਂਸਲਰ ਹਾਂ। ਸੀ.ਐਮ ਸਾਹਿਬ ਨੂੰ ਇਹ ਗੱਲ ਚੰਗੀ ਨਹੀਂ ਲੱਗੀ, ਕਿਉਂਕਿ ਮੈਂ ਕਿਸੇ ਦੀ ਸਿਫਾਰਿਸ਼ ‘ਤੇ ਕੰਮ ਨਹੀਂ ਕੀਤਾ।