Punjab

ਈਦ ਮੌਕੇ ਪੰਜਾਬ ਦੇ ਮੁਸਲਿਮ ਭਾਈਚਾਰੇ ਨੂੰ ਵੱਡਾ ਤੋਹਫਾ, ਪੰਜਾਬ ਨੂੰ ਮਿਲਿਆ 23ਵਾਂ ਜ਼ਿਲ੍ਹਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਹੁਣ 22 ਨਹੀਂ, 23 ਜ਼ਿਲ੍ਹੇ ਹੋਣਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਈਦ-ਉਲ-ਫਿਤਰ ਮੌਕੇ ਮਲੇਰਕੋਟਲਾ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਕੈਪਟਨ ਨੇ ਅੱਜ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਐਲਾਨ ਦਿੱਤਾ ਹੈ। ਇਸ ਨਵੇਂ ਜ਼ਿਲ੍ਹੇ ਲਈ ਕੈਪਟਨ ਨੇ ਨਵਾਂ ਡੀ.ਸੀ ਨਿਯੁਕਤ ਕਰਨ ਦਾ ਵੀ ਐਲਾਨ ਕੀਤਾ ਹੈ।

ਕੈਪਟਨ ਨੇ ਡਿਪਟੀ ਕਮਿਸ਼ਨਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਲਈ ਤੁਰੰਤ ਢੁੱਕਵੀਂ ਜਗ੍ਹਾ ਲੱਭਣ ਦੇ ਹੁਕਮ ਦਿੱਤੇ ਹਨ। ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾਂ ਬਣਾਉਣ ਦੇ ਕੈਪਟਨ ਦੇ ਐਲਾਨ ਤੋਂ ਬਾਅਦ ਮਲੇਰਕੋਟਲਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ।

ਮਲੇਰਕੋਟਲਾ ਲਈ ਕੈਪਟਨ ਦੇ ਹੋਰ ਅਹਿਮ ਐਲਾਨ

  • ਕੈਪਟਨ ਨੇ ਮਲੇਰਕੋਟਲਾ ਵਿੱਚ 500 ਕਰੋੜ ਰੁਪਏ ਦੀ ਲਾਗਤ ਨਾਲ ਮੈਡੀਕਲ ਕਾਲਜ ਬਣਾਉਣ ਦਾ ਵੀ ਐਲਾਨ ਕੀਤਾ ਹੈ। ਇਸ ਲਈ ਕੈਪਟਨ ਨੇ ਅੱਜ 50 ਕਰੋੜ ਰੁਪਏ ਦਾ ਐਲਾਨ ਕਰ ਦਿੱਤਾ ਹੈ ਤਾਂ ਜੋ ਉੱਥੇ ਕੰਮ ਸ਼ੁਰੂ ਹੋ ਜਾਵੇ। ਇਸ ਮੈਡੀਕਲ ਕਾਲਜ ਦਾ ਨਾਂ ਸ਼ੇਰ ਮੁਹੰਮਦ ਖਾਨ ਦੇ ਨਾਂਅ ‘ਤੇ ਰੱਖਿਆ ਜਾਵੇਗਾ।
  • ਕੈਪਟਨ ਨੇ ਲੜਕੀਆਂ ਵਾਸਤੇ 12 ਕਰੋੜ ਦੀ ਲਾਗਤ ਨਾਲ ਇੱਕ ਕਾਲਜ ਬਣਾਉਣ ਦਾ ਵੀ ਐਲਾਨ ਕੀਤਾ ਹੈ।
  • ਕੈਪਟਨ ਅਮਰਿੰਦਰ ਸਿੰਘ ਨੇ ਮਲੇਰਕੋਟਲਾ ਵਿੱਚ ਇੱਕ ਨਵਾਂ ਬੱਸ ਸਟੈਂਡ ਬਣਾਉਣ ਦਾ ਵੀ ਐਲਾਨ ਕੀਤਾ ਹੈ, ਜਿਸ ‘ਤੇ 10 ਕਰੋੜ ਰੁਪਏ ਦੀ ਲਾਗਤ ਲੱਗੇਗੀ।
  • ਕੈਪਟਨ ਨੇ ਮਲੇਰਕੋਟਲਾ ਵਿੱਚ ਔਰਤਾਂ ਲਈ ਇੱਕ ਥਾਣਾ ਬਣਾਉਣ ਦਾ ਵੀ ਐਲਾਨ ਕੀਤਾ ਹੈ। ਇਸ ਥਾਣੇ ਵਿੱਚ ਸਿਰਫ਼ ਔਰਤ ਅਧਿਕਾਰੀ ਹੀ ਕੰਮ ਕਰਨਗੀਆਂ।
  • ਕੈਪਟਨ ਨੇ ਅਰਬਨ ਡਵੈਲਪਮੈਂਟ ਪ੍ਰੋਗਰਾਮ ਲਈ 6 ਕਰੋੜ ਰੁਪਏ ਦਾ ਐਲਾਨ ਕੀਤਾ ਹੈ।