‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਦੀ ਘਰ-ਘਰ ਰੁਜ਼ਗਾਰ ਯੋਜਨਾ ਤਹਿਤ ਸਿਹਤ ਵਿਭਾਗ ਵਿੱਚ 16 ਡਾਕਟਰਾਂ ਦੀ ਨਿਯੁਕਤੀ ਕੀਤੀ ਹੈ। ਬਲਬੀਰ ਸਿੱਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਘਰ-ਘਰ ਰੁਜ਼ਗਾਰ ਯੋਜਨਾ ਤਹਿਤ ਪੰਜਾਬ ਦੇ ਸਿਹਤ ਵਿਭਾਗ ਨੇ ਸਾਲ 2017 ਤੋਂ 2021 ਵਿੱਚ 11 ਹਜ਼ਾਰ 200 ਤੋਂ ਵੱਧ ਅਸਾਮੀਆਂ ਲਈ ਭਰਤੀ ਕੀਤੀ ਹੈ।

ਸਿੱਧੂ ਨੇ ਕਿਹਾ ਕਿ ਡਾਇਰੈਕਟਰ ਹੈਲਥ ਸਰਵਿਸਿਜ ਨੇ 1 ਹਜ਼ਾਰ 41 ਮੈਡੀਕਲ ਅਫ਼ਸਰ (ਜਨਰਲ), 601 ਮੈਡੀਕਲ ਅਫ਼ਸਰ (ਸਪੈਸ਼ਲਿਸਟ), 34 ਮੈਡੀਕਲ ਅਫ਼ਸਰ (ਡੈਂਟਲ), 324 ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ, 1 ਹਜ਼ਾਰ 336 ਮਲਟੀਪਰਪਜ ਹੈਲਥ ਵਰਕਰ, 418 ਫਾਰਮਸਿਸਟ, 1 ਹਜ਼ਾਰ 313 ਸਟਾਫ ਨਰਸਾਂ, 161 ਰੇਡੀਓਗ੍ਰਾਫਰ, 8 ਈਸੀਜੀ ਟੈਕਨੀਸ਼ੀਅਨ, 55 ਆਪ੍ਰੇਸ਼ਨ ਥੀਏਟਰ ਸਹਾਇਕ ਅਤੇ 60 ਸਟੈਨੋ ਟਾਈਪਿਸਟ ਆਦਿ ਦੀ ਭਰਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਡੀਐੱਚਐੱਸ ਵਿੱਚ ਜਲਦ ਹੀ ਹੋਰ ਭਰਤੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਹ ਸਾਰੀਆਂ ਨਿਯੁਕਤੀਆਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਯੋਗਤਾ ਦੇ ਅਧਾਰ ’ਤੇ ਪਾਰਦਰਸ਼ੀ ਢੰਗ ਨਾਲ ਕੀਤੀਆਂ ਜਾ ਰਹੀਆਂ ਹਨ।