DGP VK ਭੰਵਰਾ ਨੇ ਕੇਂਦਰ ਤੋਂ ਡੈਪੂਟੇਸ਼ਨ ਦੇ ਲਈ ਪੱਤਰ ਲਿਖਿਆ ਹੈ
‘ਦ ਖ਼ਾਲਸ ਬਿਊਰੋ :- ਪੰਜਾਬ ਨੂੰ 8 ਮਹੀਨੇ ਦੇ ਅੰਦਰ ਚੌਥਾ DGP ਮਿਲ ਸਕਦਾ ਹੈ। ਮੌਜੂਦਾ DGP VK ਭੰਵਰਾ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖ ਕੇ ਡੈਪੂਟੇਸ਼ਨ ‘ਤੇ ਜਾਣ ਦੀ ਮੰਗ ਕੀਤੀ ਹੈ। ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਡੀਜੀਪੀ ਭੰਵਰਾ ਤੋਂ ਕਾਫ਼ੀ ਨਰਾਜ਼ ਸਨ, ਆਪ ਦਾ ਮੰਨਣਾ ਹੈ ਕੀ ਇਸੇ ਵਜ੍ਹਾ ਕਰਕੇ ਹੀ ਉਨ੍ਹਾਂ ਨੂੰ ਆਪਣੇ ਸੰਗਰੂਰ ਗੜ੍ਹ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
8 ਮਹੀਨੇ ਵਿੱਚ 3 ਡੀਜੀਪੀ ਬਦਲੇ ਗਏ
ਅੱਠ ਮਹੀਨੇ ਦੇ ਅੰਦਰ ਪੰਜਾਬ ਨੂੰ ਚੌਥਾ DGP ਮਿਲੇਗਾ, ਕੈਪਟਨ ਦੇ ਅਸਤੀਫ਼ੇ ਤੋਂ ਬਾਅਦ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਸਨ ਤਾਂ ਦਿਨਕਰ ਗੁਪਤਾ ਦੀ ਥਾਂ ਉਨ੍ਹਾਂ ਨੇ ਇਕਬਾਲ ਸਿੰਘ ਸਹੋਤਾ ਨੂੰ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਸੀ ਉਸ ਤੋਂ ਬਾਅਦ ਸਿਧਾਰਥ ਚਟੌਉਪਾਧਿਆਏ ਨੂੰ ਡੀਜੀਪੀ ਦੀ ਜ਼ਿੰਮੇਵਾਰੀ ਸੌਂਪੀ ਗਈ ਪਰ ਪ੍ਰਧਾਨ ਮੰਤਰੀ ਦੀ ਰੈਲੀ ਵਿੱਚ ਹੋਏ ਸੁਰੱਖਿਆ ਵਿਵਾਦ ਤੋਂ ਬਾਅਦ ਵੀਕੇ ਭੰਵਰਾ ਨੂੰ ਡੀਜੀਪੀ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਹੁਣ ਸੂਬੇ ਦੇ ਅਗਲੇ ਡੀਜੀਪੀ ਨੂੰ ਲੈਕੇ 2 ਨਾਂ ਸਭ ਤੋਂ ਅੱਗੇ ਚੱਲ ਰਹੇ ਨੇ।
DGP ਦੀ ਰੇਸ ਵਿੱਚ 2 ਨਾਂ
ਵੀਕੇ ਭੰਵਰਾ ਤੋਂ ਬਾਅਦ ਗੌਰਵ ਯਾਦਵ ਅਤੇ STF ਚੀਫ਼ ਹਰਪ੍ਰੀਤ ਦਾ ਨਾਂ ਸਭ ਤੋਂ ਅੱਗੇ ਹੈ, ਇਨ੍ਹਾਂ ਦੋਵਾਂ ਨੂੰ ਕੁਝ ਦਿਨ ਪਹਿਲਾਂ ADGP ਤੋਂ ਪਰਮੋਟ ਕਰਕੇ DGP ਬਣਾਇਆ ਗਿਆ ਹੈ,ਗੌਰਵ ਯਾਦਵ ਇਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਪੈਸ਼ਲ ਪ੍ਰਿੰਸੀਪਲ ਸਕੱਤਰ ਨੇ, ਹਾਲਾਂਕਿ ਅਗਲੇ ਡੀਜੀਪੀ ਦੀ ਨਿਯੁਕਤੀ ਦੇ ਲਈ ਪੰਜਾਬ ਸਰਕਾਰ ਨੂੰ UPSC ਨੂੰ ਡੀਜੀਪੀ ਦੇ ਨਾਵਾਂ ਦਾ ਇਕ ਪੈਨਲ ਭੇਜਣਾ ਹੋਵੇਗਾ, UPSC ਪੈਨਲ ਸੂਬੇ ਵੱਲੋਂ ਭੇਜੇ ਗਏ ਨਾਵਾਂ ‘ਤੇ ਚਰਚਾ ਤੋਂ ਬਾਅਦ ਡੀਜੀਪੀ ਦੀ ਨਿਯੁਕਤੀ ਲਈ ਕੁਝ ਨਾਂ ਭੇਜਣਗੇ, ਸੂਬਾ ਸਰਕਾਰ ਉਨ੍ਹਾਂ ਵਿੱਚੋਂ ਹੀ ਅਗਲੇ ਡੀਜੀਪੀ ਦੀ ਨਿਯੁਕਤੀ ਕਰੇਗੀ, ਹਾਲਾਂਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ ਕਿਸੇ ਵੀ DGP ਲੈਵਲ ਦੇ ਅਧਿਕਾਰੀ ਨੂੰ ਸੂਬੇ ਦਾ ਅਗਲਾ ਡੀਜੀਪੀ ਨਿਯੁਕਤ ਕਰ ਸਕਦੀ ਹੈ।