India Punjab

ਕਰਨਾਲ ’ਚ ਪੰਜਾਬੀ ਡਕੈਤਾਂ ਦਾ ਕਹਿਰ, ਵਿਆਹ ਵਾਲੇ ਘਰੋਂ 25 ਤੋਲ਼ੇ ਗਹਿਣੇ ਤੇ 12 ਲੱਖ ਲੁੱਟੇ, ਲਾੜੇ ਨੂੰ ਮਾਰੀ ਗੋਲ਼ੀ

ਬਿਊਰੋ ਰਿਪੋਰਟ (ਕਰਨਾਲ, 25 ਨਵੰਬਰ 2025): ਹਰਿਆਣਾ ਦੇ ਕਰਨਾਲ ਵਿੱਚ ਸੋਮਵਾਰ ਸਵੇਰੇ 5 ਨਕਾਬਪੋਸ਼ ਬਦਮਾਸ਼ਾਂ ਨੇ ਇੱਕ ਠੇਕੇਦਾਰ ਦੇ ਪਰਿਵਾਰ ਨੂੰ ਬੰਧਕ ਬਣਾ ਕੇ ਡਕੈਤੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਇਹ ਘਟਨਾ ਐਸ.ਪੀ. ਕੈਂਪ ਦਫ਼ਤਰ ਤੋਂ ਮਹਿਜ਼ 100-150 ਮੀਟਰ ਦੀ ਦੂਰੀ ’ਤੇ ਸਥਿਤ ਸੁਭਾਸ਼ ਕਲੋਨੀ ਵਿੱਚ ਵਾਪਰੀ।

ਲਾੜੇ ਨੂੰ ਮਾਰੀ ਗੋਲ਼ੀ

ਡਕੈਤ ਗੰਨ ਪੁਆਇੰਟ ’ਤੇ ਘਰ ਵਿੱਚ ਦਾਖ਼ਲ ਹੋਏ ਅਤੇ 45 ਮਿੰਟ ਤੱਕ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾ ਕੇ ਰੱਖਿਆ। ਉਨ੍ਹਾਂ ਨੇ ਔਰਤਾਂ ਦੇ ਸਾਰੇ ਗਹਿਣੇ ਉਤਰਵਾ ਲਏ। ਬਦਮਾਸ਼ ਘਰ ਵਿੱਚੋਂ 25 ਤੋਲੇ ਸੋਨੇ-ਚਾਂਦੀ ਦੇ ਗਹਿਣੇ, 12 ਲੱਖ ਰੁਪਏ ਨਕਦ, ਸੀ.ਸੀ.ਟੀ.ਵੀ. ਡੀ.ਵੀ.ਆਰ. ਅਤੇ ਇੱਕ ਸਾਲ ਪਹਿਲਾਂ ਖ਼ਰੀਦੀ ਗਈ ਵਰਨਾ ਕਾਰ ਲੈ ਕੇ ਫ਼ਰਾਰ ਹੋ ਗਏ। ਜਾਂਦੇ ਸਮੇਂ ਉਨ੍ਹਾਂ ਨੇ ਡਰਾਉਣ ਲਈ 5 ਰਾਊਂਡ ਹਵਾਈ ਫਾਇਰ ਵੀ ਕੀਤੇ।

ਡਕੈਤੀ ਦੌਰਾਨ, ਉਨ੍ਹਾਂ ਨੇ ਘਰ ਦੇ ਇੱਕ ਮੈਂਬਰ, ਆਦਿਤਿਆ ਨੂੰ ਗੋਲ਼ੀ ਮਾਰ ਦਿੱਤੀ, ਜਿਸਦਾ 10 ਦਿਨਾਂ ਬਾਅਦ ਵਿਆਹ ਹੈ। ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਡਕੈਤਾਂ ਨੇ ਅੰਦਰ ਗੱਲਾਂ ਕੀਤੀਆਂ ਕਿ “ਜਿੰਨਾ ਪੈਸਾ ਅਤੇ ਗਹਿਣੇ ਇੱਥੇ ਦੱਸੇ ਗਏ ਸਨ, ਉਹ ਇੱਥੇ ਨਹੀਂ ਹਨ। ਲਾੜੀ ਦੇ ਪਰਿਵਾਰ ਤੋਂ ਮਿਲਿਆ ਪੈਸਾ ਅਤੇ ਡਾਲਰ ਵੀ ਇੱਥੇ ਨਹੀਂ ਹਨ,” ਪਰ ਬਾਅਦ ਵਿੱਚ ਉਨ੍ਹਾਂ ਨੇ ਅਲਮਾਰੀ ਵਿੱਚੋਂ ਸਾਰੀ ਨਕਦੀ ਕੱਢ ਲਈ।

ਪੰਜਾਬੀ ਡਕੈਤ ਜੀਰਕਪੁਰ ਤੋਂ ਗ੍ਰਿਫ਼ਤਾਰ

ਵਾਰਦਾਤ ਦੀ ਸੂਚਨਾ ਮਿਲਦੇ ਹੀ ਕਰਨਾਲ ਦੇ ਐਸ.ਪੀ. ਗੰਗਾਰਾਮ ਪੂਨੀਆ ਸਮੇਤ ਪੁਲਿਸ ਫੋਰਸ ਮੌਕੇ ’ਤੇ ਪਹੁੰਚੀ। ਸੀ.ਆਈ.ਏ. ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਘਟਨਾ ਦੇ ਮਹਿਜ਼ 3 ਘੰਟਿਆਂ ਬਾਅਦ ਹੀ ਸਾਰੇ ਪੰਜਾਂ ਮੁਲਜ਼ਮਾਂ ਨੂੰ ਮੁਹਾਲੀ ਦੇ ਜ਼ੀਰਕਪੁਰ ਤੋਂ ਗ੍ਰਿਫ਼ਤਾਰ ਕਰ ਲਿਆ।

ਫੜ੍ਹੇ ਗਏ ਪੰਜੇ ਮੁਲਜ਼ਮ ਪੰਜਾਬ ਦੇ ਲੁਧਿਆਣਾ ਦੇ ਰਹਿਣ ਵਾਲੇ ਹਨ। ਇਨ੍ਹਾਂ ਦੀ ਪਛਾਣ ਤਾਜਗੰਜ ਨਿਵਾਸੀ ਰਾਜੀਵ ਉਰਫ ਰਾਜਾ, ਸ਼ਿਵਪੁਰੀ ਨਿਵਾਸੀ ਦੀਪਕ ਉਰਫ ਹੈਰੀ, ਬਟਾਲਾ ਰੋਡ ਦੇ ਪ੍ਰਿੰਸ, ਅੰਮ੍ਰਿਤਪਾਲ ਅਤੇ ਸ਼ਿਮਲਾਪੁਰੀ ਨਿਵਾਸੀ ਅਭਿਸ਼ੇਕ ਵਜੋਂ ਹੋਈ ਹੈ।

ਪੁਲਿਸ ਨੂੰ ਸ਼ੱਕ ਹੈ ਕਿ ਜਿਸ ਕੋਠੀ ਵਿੱਚ ਡਕੈਤੀ ਹੋਈ, ਉਹ ਹਾਲ ਹੀ ਵਿੱਚ ਬਣਾਈ ਗਈ ਸੀ, ਇਸ ਲਈ ਹੋ ਸਕਦਾ ਹੈ ਕਿ ਕੋਠੀ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਹੀ ਡਕੈਤਾਂ ਨੂੰ ਅੰਦਰੂਨੀ ਜਾਣਕਾਰੀ ਦਿੱਤੀ ਹੋਵੇ। ਪੁਲਿਸ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।