ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਮੁਤਾਬਕ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਸੂਬੇ ਵਿੱਚ ਆਜ਼ਾਦ, ਨਿਰਪੱਖ ਤੇ ਪਾਰਦਰਸ਼ੀ ਚੋਣ ਅਮਲ ਨੂੰ ਨੇਪਰੇ ਚਾੜ੍ਹਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਕੁੱਲ 2,14,61,741 ਵੋਟਰ ਹਨ, ਜਿਨ੍ਹਾਂ ਵਿੱਚ 1,12,86,727 ਪੁਰਸ਼, 1,01,74,241 ਮਹਿਲਾਵਾਂ, 773 ਟਰਾਂਸਜੈਂਡਰ, 1,58,718 ਪੀ.ਡਬਲਿਊ.ਡੀ (ਦਿਵਿਆਂਗ) ਅਤੇ 1614 ਐਨ.ਆਰ.ਆਈ. (ਪ੍ਰਵਾਸੀ ਭਾਰਤੀ) ਵੋਟਰ ਸ਼ਾਮਲ ਹਨ। ਉਨ੍ਹਾਂ ਪੰਜਾਬ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਲੋਕਤੰਤਰ ਦੇ ਇਸ ਸਭ ਤੋਂ ਵੱਡੇ ਤਿਉਹਾਰ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਤਾਂ ਜੋ ‘ਇਸ ਵਾਰ 70 ਪਾਰ’ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ।
ਚੋਣ ਕਮਿਸ਼ਨ ਨੇ ਦਿੱਤਾ ਸੂਬੇ ਦੇ ਵੋਟਰਾਂ ਦਾ ਬਿਓਰਾ
ਸੂਬੇ ਵਿੱਚ ਪਹਿਲੀ ਵਾਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲੇ ਵੋਟਰਾਂ ਦੀ ਗਿਣਤੀ 5,38,715 ਅਤੇ 85 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 1,89,855 ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 24,451 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 5694 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ (ਕ੍ਰਿਟੀਕਲ) ਐਲਾਨੇ ਗਏ ਹਨ। ਇਨ੍ਹਾਂ ਵਿੱਚ 1076 ਮਾਡਲ ਪੋਲਿੰਗ ਸਟੇਸ਼ਨ, ਮਹਿਲਾਵਾਂ ਦੁਆਰਾ ਪ੍ਰਬੰਧਿਤ ਗੁਲਾਬੀ ਰੰਗ ਦੇ 165 ਬੂਥ, 115 ਗ੍ਰੀਨ ਬੂਥ, ਨੌਜਵਾਨਾਂ ਵੱਲੋਂ ਪ੍ਰਬੰਧਿਤ 99 ਬੂਥ ਤੇ ਦਿਵਿਆਂਗ ਵਿਅਕਤੀਆਂ ਦੁਆਰਾ ਪ੍ਰਬੰਧਿਤ 101 ਬੂਥ ਸ਼ਾਮਲ ਹਨ।
CCTV ਕੈਮਰਿਆਂ ਜ਼ਰੀਏ ਕੀਤੀ ਜਾਵੇਗੀ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ
ਉਨ੍ਹਾਂ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ CCTV ਕੈਮਰਿਆਂ ਜ਼ਰੀਏ ਕੀਤੀ ਜਾਵੇਗੀ। ਇਸ ਦੇ ਨਾਲ ਹੀ ਚੋਣ ਅਧਿਕਾਰੀਆਂ ਅਤੇ ਅਬਜ਼ਰਵਰਾਂ ਦੁਆਰਾ ਰੀਅਲ-ਟਾਈਮ ਮਾਨੀਟਰਿੰਗ ਲਈ ਪੋਲਿੰਗ ਸਟੇਸ਼ਨਾਂ ਦੀ 100 ਫੀਸਦ ਲਾਈਵ ਵੈਬਕਾਸਟਿੰਗ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਵੋਟਾਂ ਦੀ ਗਿਣਤੀ 24 ਵੱਖ-ਵੱਖ ਥਾਵਾਂ ’ਤੇ ਬਣਾਏ ਗਏ 117 ਕਾਊਂਟਿੰਗ ਸੈਟਰਾਂ ’ਤੇ ਕੀਤੀ ਜਾਵੇਗੀ।
ਘਰ ਤੋਂ ਵੋਟਿੰਗ ਦੀ ਸਹੂਲਤ ਬਾਰੇ ਗੱਲ ਕਰਦਿਆਂ ਸਿਬਿਨ ਸੀ ਨੇ ਦੱਸਿਆ ਕਿ 85 ਸਾਲ ਤੋਂ ਵੱਧ ਉਮਰ ਦੇ 9239 ਦੇ ਵੋਟਰਾਂ ਤੇ 4530 ਦਿਵਿਆਂਗ ਵੋਟਰਾਂ ਨੂੰ ਮਿਲਾ ਕੇ ਕੁੱਲ 13,769 ਵੋਟਰਾਂ ਪਾਸੋਂ ਘਰ ਤੋਂ ਵੋਟ ਦੀ ਸਹੂਲਤ ਸਬੰਧੀ ਸਹਿਮਤੀ ਪ੍ਰਾਪਤ ਹੋਈ ਸੀ, ਜਿਨ੍ਹਾਂ ਵਿੱਚੋਂ 85 ਸਾਲ ਤੋਂ ਵੱਧ ਉਮਰ ਦੇ 8640 ਅਤੇ 4203 ਦਿਵਿਆਂਗ ਵੋਟਰਾਂ ਸਮੇਤ ਕੁੱਲ 12,843 ਵੋਟਰਾਂ ਨੇ 30 ਮਈ ਤੱਕ ਆਪਣੀ ਵੋਟ ਪਾ ਲਈ ਹੈ।
ਸੂਬੇ ਦੇ ਕੁੱਲ 2,60,000 ਕਰਮਚਾਰੀ ਚੋਣ ਡਿਊਟੀ ਨਿਭਾ ਰਹੇ ਹਨ, ਜਿਨ੍ਹਾਂ ਵਿੱਚ 1,20,114 ਪੋਲਿੰਗ ਸਟਾਫ਼, 70,724 ਸੁਰੱਖਿਆ ਕਰਮਚਾਰੀ (ਸੂਬਾ ਪੁਲਿਸ ਅਤੇ ਕੇਂਦਰੀ ਹਥਿਆਰਬੰਦ ਅਰਧ ਸੈਨਿਕ ਬਲ), 50,000 ਸਪੋਰਟਿੰਗ ਸਟਾਫ਼ ਅਤੇ ਮੁੱਖ ਚੋਣ ਅਧਿਕਾਰੀ, ਦਫ਼ਤਰ ਤੇ ਜ਼ਿਲ੍ਹਾ ਚੋਣ ਅਧਿਕਾਰੀ ਦਫ਼ਤਰਾਂ ਦੇ 25,150 ਕਰਮਚਾਰੀ ਸ਼ਾਮਲ ਹਨ।
ਪੋਲਿੰਗ ਸਟੇਸ਼ਨਾਂ ’ਤੇ ਆਸ਼ਾ ਵਰਕਰਾਂ ਨੂੰ ਐਮਰਜੈਂਸੀ ਮੈਡੀਕਲ ਹਾਲਾਤਾਂ ਲਈ ਕੀਤਾ ਤਾਇਨਾਤ
ਮੁੱਖ ਚੋਣ ਅਧਿਕਾਰੀ ਮੁਤਾਬਕ ਪੋਲਿੰਗ ਸਟਾਫ ਨੂੰ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਆਸ਼ਾ ਵਰਕਰਾਂ ਨੂੰ ਐਮਰਜੈਂਸੀ ਮੈਡੀਕਲ ਹਾਲਾਤਾਂ ਨਾਲ ਨਜਿੱਠਣ ਲਈ ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਕੀਤਾ ਜਾਵੇਗਾ। ਪੋਲਿੰਗ ਸਟੇਸ਼ਨ ’ਤੇ ਫਸਟ ਏਡ ਕਿੱਟਾਂ, ਓਰਲ ਰੀਹਾਈਡਰੇਸ਼ਨ ਸਲਿਊਸ਼ਨ (ORS ਘੋਲ), ਸ਼ੂਗਰ ਕੈਂਡੀਜ਼, ਦਵਾਈਆਂ ਤੇ ਮੱਲ੍ਹਮ-ਪੱਟੀਆਂ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ।
ਪੋਲਿੰਗ ਸਟੇਸ਼ਨਾਂ ‘ਤੇ ਲੱਗੇਗੀ ਛਬੀਲ
ਇਸ ਤੋਂ ਇਲਾਵਾ ਗਰਮੀ ਤੋਂ ਰਾਹਤ ਲਈ ਪੋਲਿੰਗ ਸਟੇਸ਼ਨਾਂ ’ਤੇ ਛਬੀਲ ਵੀ ਲਗਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ 85 ਸਾਲ ਤੋਂ ਵੱਧ ਉਮਰ ਵਾਲੇ ਅਤੇ ਦਿਵਿਆਂਗ ਵੋਟਰ, ਜਿਨ੍ਹਾਂ ਨੇ ਹੋਮ ਵੋਟਿੰਗ (ਘਰ ਤੋਂ ਵੋਟ) ਸਹੂਲਤ ਦੀ ਚੋਣ ਨਹੀਂ ਕੀਤੀ, ਉਹ ਸਕਸ਼ਮ ਐਪਲੀਕੇਸ਼ਨ ’ਤੇ ਰਜਿਸਟਰ ਕਰਕੇ ‘ਪਿਕ ਐਂਡ ਡਰਾਪ ਸੁਵਿਧਾ’ (ਘਰੋਂ ਲਿਜਾਣ ਅਤੇ ਛੱਡਣ) ਲੈ ਸਕਦੇ ਹਨ।
ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਲੈ ਕੇ 30 ਮਈ ਤੱਕ 801.47 ਕਰੋੜ ਰੁਪਏ ਦੀ ਬਰਾਮਦਗੀ
ਉਨ੍ਹਾਂ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਲੈ ਕੇ 30 ਮਈ ਤੱਕ ਸੂਬੇ ਵਿੱਚ 801.47 ਕਰੋੜ ਰੁਪਏ ਦੀਆਂ ਬਰਾਮਦਗੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 26.89 ਕਰੋੜ ਰੁਪਏ ਦੀ ਨਗਦੀ, 26.75 ਕਰੋੜ ਰੁਪਏ ਦੀ ਸ਼ਰਾਬ, 716.78 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, 23.86 ਕਰੋੜ ਰੁਪਏ ਦੀਆਂ ਕੀਮਤੀ ਵਸਤਾਂ ਤੋਂ ਇਲਾਵਾ 7.17 ਕਰੋੜ ਰੁਪਏ ਦੀਆਂ ਹੋਰ ਵਸਤਾਂ ਸ਼ਾਮਲ ਹਨ।
ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਕੁੱਲ 14643 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਾਂ ਦੇ ਨਿਪਟਾਰੇ ਲਈ 100 ਮਿੰਟ ਦੀ ਸਮਾਂ-ਸੀਮਾ ਦਾ ਸਖ਼ਤੀ ਨਾਲ ਪਾਲਣ ਕਰਦਿਆਂ ਔਸਤਨ 32.50 ਮਿੰਟ ਦੇ ਸਮੇਂ ਅੰਦਰ ਇਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ।
EVM ਮਸ਼ੀਨਾਂ ਦੀ ਸੁਰੱਖਿਆ ‘ਤੇ ਚੋਣ ਕਮਿਸ਼ਨ ਦਾ ਬਿਆਨ
EVM ਮਸ਼ੀਨਾਂ ਦੀ ਸੁਰੱਖਿਆ ਬਾਰੇ ਸਿਬਿਨ ਸੀ ਨੇ ਦੱਸਿਆ ਕਿ ਸੂਬੇ ਦੇ ਸਾਰੇ ਸਟਰਾਂਗ ਰੂਮਾਂ ਦੇ ਬਾਹਰ ਅਰਧ ਸੈਨਿਕ ਬਲ ਅਤੇ ਹੋਰ ਸੁਰੱਖਿਆ ਟੀਮਾਂ 24 ਘੰਟੇ ਤਾਇਨਾਤ ਰਹਿਣਗੀਆਂ ਅਤੇ ਇਸ ਦੇ ਨਾਲ ਹੀ ਡਬਲ ਲਾਕ ਸਿਸਟਮ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਟਰਾਂਗ ਰੂਮ ਦੇ ਆਲੇ-ਦੁਆਲੇ ਦੀ ਫੁਟੇਜ ਲਈ ਹਰੇਕ ਸਟਰਾਂਗ ਰੂਮ ਦੇ ਬਾਹਰ LED ਸਕਰੀਨਾਂ ਲਾਈਆਂ ਗਈਆਂ ਹਨ। ਸਾਰੇ ਪ੍ਰੋਟੋਕੋਲਾਂ ਦੀ ਢੁੱਕਵੇਂ ਢੰਗ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਵੱਲੋਂ ਸਟਰਾਂਗ ਰੂਮਾਂ ਦਾ ਰੋਜ਼ਾਨਾ ਆਧਾਰ ’ਤੇ ਨਿਰੀਖਣ ਕੀਤਾ ਜਾਵੇਗਾ।
ਪੁਲਿਸ ਨੋਡਲ ਅਫ਼ਸਰ ਐਮ.ਐਫ. ਫਾਰੂਕੀ ਨੇ ਦੱਸਿਆ ਕਿ ਸੂਬੇ ਵਿੱਚ ਸੁਰੱਖਿਅਤ ਹਾਲਾਤਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਦੇ 55,039 ਜਵਾਨ ਤਾਇਨਾਤ ਕੀਤੇ ਗਏ ਹਨ। ਕਿਸੇ ਵੀ ਤਰ੍ਹਾਂ ਦੀ ਗੜਬੜੀ ਜਾਂ ਹੰਗਾਮੀ ਸਥਿਤੀ ਵਿੱਚ ਤੁਰੰਤ ਕਾਰਵਾਈ ਲਈ ਕਿਉਕ ਰਿਸਪਾਂਸ ਟੀਮਾਂ ਤਾਇਨਾਤ ਰਹਿਣਗੀਆਂ।
ਉਨ੍ਹਾਂ ਦੱਸਿਆ ਕਿ ਸੂਬੇ ਨੂੰ 2098 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸੈਕਟਰ ਲਈ ਇੰਚਾਰਜ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਨਾਲ 1 ਹੈਡ-ਕਾਂਸਟੇਬਲ ਅਤੇ 3 ਕਾਂਸਟੇਬਲਾਂ ਦੀ ਸ਼ਮੂਲੀਅਤ ਵਾਲੀ ਪੈਟਰੋਲਿੰਗ ਪਾਰਟੀ ਹਰ ਸਮੇਂ ਤਾਇਨਾਤ ਰਹੇਗੀ। ਉਨ੍ਹਾਂ ਕਿਹਾ ਕਿ ਸੁਰੱਖਿਆ ਕਰਮਚਾਰੀਆਂ ਦਰਮਿਆਨ ਬਿਹਤਰ ਸੰਚਾਰ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਿਆਂ ਨੂੰ 20 ਵਾਟਸ ਦੇ 3496 ਵਾਧੂ ਵਾਇਰਲੈੱਸ ਸੈੱਟ ਅਤੇ 8385 ਵਾਇਰਲੈੱਸ ਵਾਕੀ-ਟਾਕੀ ਸੈੱਟ ਮੁਹੱਈਆ ਕਰਵਾਏ ਗਏ ਹਨ।