Punjab

ਨਕਲੀ ਫ਼ੌਜੀ ਅਫ਼ਸਰ ਨੇ ਫੌਜ ‘ਚ ਭਰਤੀ ਕਰਾਉਣ ਦਾ ਦਾਅਵਾ ਕਰਕੇ 50 ਪੰਜਾਬੀ ਨੌਜਵਾਨਾਂ ਤੋਂ ਲੁੱਟੇ ਲੱਖਾਂ ਰੁਪਏ

‘ਦ ਖ਼ਾਲਸ ਬਿਊਰੋ :- ਭਾਰਤੀ ਹਵਾਈ ਸੈਨਾ ‘ਚ ਆਪਣੇ-ਆਪ ਨੂੂੰ ਖੜ੍ਹਾਂ ਵੇਖਣ ਵਾਲੇ ਪੰਜਾਬੀ ਨੌਜਵਾਨਾਂ ਦਾ ਸੂਫਨਾ ਇੰਝ ਟੂੱਟੇ ਜਾਵੇਗਾ, ਜਿਸ ਦਾ ਉਨ੍ਹਾਂ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ। ਜ਼ਿਲ੍ਹਾ ਲੁਧਿਆਣਾ ਤੇ ਬਰਨਾਲਾ ਨਾਲ ਸਬੰਧਤ ਬੇਰੁਜ਼ਗਾਰ ਨੌਜਵਾਨ ਉਸ ਸਮੇਂ ਨਿਰਾਸ਼ ਹੋ ਗਏ ਜਦੋਂ ਉਨ੍ਹਾਂ ਨੂੰ ਭਾਰਤੀ ਹਵਾਈ ਸੈਨਾ ਹਲਵਾਰਾ ‘ਚ ਭਰਤੀ ਦੇ ਨਾਂ ’ਤੇ ਆਪਣੇ ਨਾਲ ਹੋਈ ਠੱਗੀ ਦਾ ਪਤਾ ਲੱਗਾ। ਸੈਨਿਕ ਟਿਕਾਣੇ ਨੇੜੇ ਇਕੱਠੇ ਹੋਏ ਵਰਦੀਧਾਰੀ ਨੌਜਵਾਨਾਂ ਤੋਂ ਜਦੋਂ ਸੈਨਾ ਦੇ ਅਧਿਕਾਰੀਆਂ ਨੇ ਪੁੱਛ-ਪੜਤਾਲ ਕੀਤੀ ਤਾਂ ਉਨ੍ਹਾਂ ਨੂੰ ਨੌਜਵਾਨਾਂ ਨਾਲ ਹੋਈ ਠੱਗੀ ਬਾਰੇ ਪਤਾ ਲੱਗਾ।

ਥਾਣਾ ਸੁਧਾਰ ਦੀ ਪੁਲੀਸ ਜਦੋਂ ਇਸ ਧੋਖੇਬਾਜ਼ੀ ਬਾਰੇ ਕੱਲ੍ਹ ਨੂੰ ਸੂਚਨਾ ਦਿੱਤੀ ਗਈ ਤਾਂ ਤੁਰੰਤ ਥਾਣਾ ਮੁਖੀ ਨੇ ਦਰਜਨ ਨੌਜਵਾਨਾਂ ਨੂੰ ਪੜਤਾਲ ਲਈ ਥਾਣੇ ਬੁਲਾ ਲਿਆ। ਥਾਣਾ ਸੁਧਾਰ ਵਿੱਚ ਬੈਠੇ ਨੌਜਵਾਨਾਂ ਨੇ ਦੱਸਿਆ ਕਿ ਸੰਦੀਪ ਸਿੰਘ ਗਿੱਲ ਨਾਂ ਦੇ ਵਿਅਕਤੀ ਨੇ ਖ਼ੁਦ ਨੂੰ ਲੈਫ਼ਟੀਨੈਂਟ ਕਰਨਲ ਦੱਸਿਆ ਸੀ ਤੇ ਆਖਿਆ ਸੀ ਕਿ ਉਹ ਸੈਨਾ ਦੇ ਚੰਡੀਮੰਦਰ ਹੈੱਡਕੁਆਰਟਰ ’ਤੇ ਤਾਇਨਾਤ ਹਨ। ਚੰਨਣ ਸਿੰਘ, ਚਰਨਪਾਲ ਸਿੰਘ, ਹਰਪਾਲ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰਪਾਲ ਸਿੰਘ, ਸੁਨੀਲ ਕੁਮਾਰ, ਪਰਮਜੀਤ ਸਿੰਘ, ਨਵਜੀਤ ਸਿੰਘ ਤੇ ਇੰਦਰਜੀਤ ਸਿੰਘ ਨੂੰ ਹਫ਼ਤਾ ਕੁ ਪਹਿਲਾਂ ਪਿੰਡ ਡੇਹਲੋਂ ਬੁਲਾ ਕੇ ਅਖੌਤੀ ਅਧਿਕਾਰੀ ਨੇ ਉਨ੍ਹਾਂ ਨੂੰ ਫ਼ੌਜ ‘ਚ ਚੁਣੇ ਜਾਣ ਦੀ ਵਧਾਈ ਦਿੱਤੀ ਤੇ ਭਾਰਤੀ ਸੈਨਾ ਦੀ ਟੀ-ਸ਼ਰਟ ਤੇ ਫ਼ੌਜੀ ਰੰਗ ਦੇ ਪਜਾਮੇ ਦੇ ਕੇ ਤਿਆਰ ਰਹਿਣ ਲਈ ਆਖ ਦਿੱਤਾ।

16 ਜੁਲਾਈ ਨੂੰ ਨੌਜਵਾਨਾਂ ਨੂੰ 12:30 ਵਜੇ ਫੋਨਾਂ ’ਤੇ  ਭਾਰਤੀ ਹਵਾਈ ਸੈਨਾ ਹਲਵਾਰਾ ਸਾਹਮਣੇ ਪਹੁੰਚਣ ਦਾ ਸੁਨੇਹਾ ਮਿਲਿਆ ਤਾਂ ਉਹ ਸਾਰੇ ਉੱਥੇ ਪੁੱਜ ਗਏ। ਥਾਣਾ ਮੁਖੀ (ਸੁਧਾਰ ) ਅਜਾਇਬ ਸਿੰਘ ਨੇ ਦੱਸਿਆ ਕਿ ਇਹ 40-50 ਨੌਜਵਾਨ ਠੱਗੀ ਦਾ ਸ਼ਿਕਾਰ ਹੋਏ ਹਨ। ਨੌਸਰਬਾਜ਼ ਨੇ ਪੰਜਾਹ ਹਜ਼ਾਰ ਤੋਂ ਇੱਕ ਲੱਖ ਰੁਪਏ ਤੱਕ ਦੀ ਠੱਗੀ ਨੌਜਵਾਨਾਂ ਨਾਲ ਮਾਰੀ ਹੈ। ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ‘ਚ ਲਿਆਂਦਾ ਗਿਆ ਹੈ ਪਰ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਕਿਉਂਕਿ ਠੱਗੀ ਦੀ ਵਾਰਦਾਤ ਇੱਥੇ ਨਹੀਂ ਵਾਪਰੀ, ਪਰ ਜੇ ਉੱਚ ਅਧਿਕਾਰੀਆਂ ਦਾ ਹੁਕਮ ਹੋਇਆ ਤਾਂ ਉਹ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਕਰਨਗੇ।