India Punjab

ਪੰਜਾਬ ਨੇ ਬਣਾਇਆ ਐਂਟੀ ਡਰੋਨ ਸਿਸਟਮ, ਡਰੋਨ ਵਿਰੋਧੀ ਪ੍ਰਣਾਲੀ ਬਣਾਉਣ ਵਾਲਾ ਬਣਿਆ ਪਹਿਲਾ ਸੂਬਾ

ਬਿਊਰੋ ਰਿਪੋਰਟ: ਪੰਜਾਬ ਵਿੱਚ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਨੂੰ ਪੂਰੀ ਤਰ੍ਹਾਂ ਰੋਕਣ ਲਈ, ਅੱਜ ‘ਆਪ’ ਸਰਕਾਰ ਨੇ ਪੰਜਾਬ ਦੇ ਪਾਕਿਸਤਾਨ ਨਾਲ ਲੱਗਦੇ 553 ਕਿਲੋਮੀਟਰ ਬਾਰਡਰ ‘ਤੇ ₹51.41 ਕਰੋੜ ਦੀ ਲਾਗਤ ਨਾਲ ਆਧੁਨਿਕ ਐਂਟੀ ਡਰੋਨ ਸਿਸਟਮ ਦਾ ਲਾਂਚ ਕੀਤਾ। ਇਹ ਡਰੋਨ ਸਿਸਟਮ ਸਰਹੱਦ ਪਾਰੋਂ ਆਉਂਦੇ ਨਸ਼ੇ ਤੇ ਗ਼ੈਰ ਕਨੂੰਨੀ ਹਥਿਆਰਾਂ ਨੂੰ ਰੋਕਣ ਲਈ ਕੰਮ ਕਰੇਗਾ। ਪੰਜਾਬ ਸਰਕਾਰ ਹੁਣ ਬਾਰਡਰ ‘ਤੇ ਬਾਜ਼ ਅੱਖ ਰੱਖਕੇ ਰਾਖੀ ਕਰੇਗੀ।

ਇਸਦੇ ਨਾਲ ਹੀ ਪੰਜਾਬ ਆਧੁਨਿਕ ਡਰੋਨ ਵਿਰੋਧੀ ਪ੍ਰਣਾਲੀ ਨਾਲ ਲੈਸ ਪਹਿਲਾ ਸੂਬਾ ਬਣ ਗਿਆ ਹੈ। ਇਸਦਾ ਰਸਮੀ ਉਦਘਾਟਨ ਤਰਨਤਾਰਨ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ।

ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਤੱਕ ਨਸ਼ਾ ਪੰਜਾਬ ਵਿੱਚ ਸਭ ਤੋਂ ਵੱਡੀ ਸਮੱਸਿਆ ਸੀ। ਪਿਛਲੀਆਂ ਸਰਕਾਰਾਂ ਨੇ ਤਸਕਰਾਂ ਨਾਲ ਮਿਲੀਭੁਗਤ ਕਰਕੇ ਪੰਜਾਬ ਦੇ ਹਰ ਘਰ ਵਿੱਚ ਨਸ਼ੇ ਫੈਲਾਏ। ਹਾਲਾਤ ਅਜਿਹੇ ਸਨ ਕਿ ਲੱਗਦਾ ਸੀ ਕਿ ਪੰਜਾਬ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਹੈ।

ਪਰ ਸਾਡੀ ਸਰਕਾਰ ਆਉਣ ਤੋਂ ਬਾਅਦ, ਅਸੀਂ ਨਸ਼ਿਆਂ ਵਿਰੁੱਧ ਜੰਗ ਛੇੜ ਦਿੱਤੀ। ਭਾਵੇਂ ਉਹ ਕਿੰਨਾ ਵੀ ਵੱਡਾ ਮੰਤਰੀ, ਅਧਿਕਾਰੀ ਜਾਂ ਤਸਕਰ ਕਿਉਂ ਨਾ ਹੋਵੇ – ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਿਆ। ਹਰ ਕਿਸੇ ਨੂੰ ਫੜ ਕੇ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਹੈ।

3 ਐਂਟੀ-ਡਰੋਨ ਸਿਸਟਮ ਕੀਤੇ ਲਾਂਚ

ਕੇਜਰੀਵਾਲ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਨੇ ਇਸ ਨੂੰ ਰੋਕਣ ਲਈ ਐਂਟੀ-ਡਰੋਨ ਸਿਸਟਮ ਤਾਇਨਾਤ ਕੀਤੇ ਹਨ। ਹੁਣ ਜੇਕਰ ਕੋਈ ਡਰੋਨ ਪਾਕਿਸਤਾਨ ਤੋਂ ਆਉਂਦਾ ਹੈ, ਤਾਂ ਇਸਨੂੰ ਤੁਰੰਤ ਡੇਗ ਦਿੱਤਾ ਜਾਵੇਗਾ। ਇਸ ਨਾਲ ਪੰਜਾਬ ਵਿੱਚ ਨਸ਼ਿਆਂ ਦਾ ਪ੍ਰਵੇਸ਼ ਰੋਕਿਆ ਜਾਵੇਗਾ। ਅੱਜ ਅਸੀਂ 3 ਐਂਟੀ-ਡਰੋਨ ਸਿਸਟਮ ਲਾਂਚ ਕਰ ਰਹੇ ਹਾਂ। ਕੁੱਲ 9 ਸਿਸਟਮ ਆਰਡਰ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 6 ਹੋਰ ਜਲਦੀ ਹੀ ਆ ਜਾਣਗੇ। ਜੇਕਰ ਲੋੜ ਪਈ ਤਾਂ ਹੋਰ ਖਰੀਦੇ ਜਾਣਗੇ।

ਪੰਜਾਬ ਅੱਜ ਦੇਸ਼ ਦਾ ਇੱਕੋ ਇੱਕ ਸੂਬਾ ਹੈ ਜਿਸ ਕੋਲ ਆਪਣਾ ਐਂਟੀ-ਡਰੋਨ ਸਿਸਟਮ ਹੈ। ਪੁਰਾਣੀਆਂ ਸਰਕਾਰਾਂ ਨੇ ਪੰਜਾਬ ਨੂੰ ਨਸ਼ਿਆਂ ਦੀ ਅੱਗ ਵਿੱਚ ਸੁੱਟ ਦਿੱਤਾ ਸੀ, ਪਰ ਅੱਜ ਦਾ ਪੰਜਾਬ ਇਸਨੂੰ ਲੜ ਰਿਹਾ ਹੈ, ਅਤੇ ਅਸੀਂ ਇਹ ਲੜਾਈ ਜਿੱਤਾਂਗੇ।