ਬਿਉਰੋ ਰਿਪੋਰਟ – (PUNJAB WEATHER UPDATE) ਪੰਜਾਬ ਵਿੱਚ 24 ਘੰਟਿਆਂ ਦੇ ਅੰਦਰ ਮੌਸਮ 360 ਡਿਗਰੀ ਬਦਲ ਗਿਆ ਹੈ । ਤਾਪਮਾਨ ਵਧਣ ਤੋਂ ਬਾਅਦ ਹੁਣ ਤੇਜੀ ਨਾਲ ਘੱਟ ਹੋਇਆ ਹੈ । ਪੰਜਾਬ ਵਿੱਚ ਸੋਮਵਾਰ ਸਵੇਰ ਦੇ ਤਾਪਮਾਨ ਵਿੱਚ 1.7 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ । ਜਿਸ ਤੋਂ ਬਾਅਦ ਫਰੀਦਕੋਟ ਦਾ ਸਭ ਤੋਂ ਘੱਟ ਤਾਪਮਾਨ ਸਿਫਰ ਡਿਗਰੀ ਦਰਜ ਕੀਤਾ ਗਿਆ ਹੈ। ਫਾਜ਼ਿਲਕਾ,ਫਰੀਦਕੋਟ ਤੇ ਪਠਾਨਕੋਟ 2 ਡਿਗਰੀ ਨਾ ਦੂਜੇ ਨੰਬਰ ‘ਤੇ ਹਨ । ਅੰਮ੍ਰਿਤਸਰ,ਪਟਿਆਲਾ,ਲੁਧਿਆਣਾ ਵਿੱਚ ਤਾਪਮਾਨ 4 ਡਿਗਰੀ ਦੇ ਆਲੇ ਦੁਆਲੇ ਦਰਜ ਕੀਤਾ ਗਿਆ ਹੈ । ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿੱਚ 6 ਡਿਗਰੀ ਦੇ ਆਲੇ-ਦੁਆਲ਼ੇ ਤਾਪਮਾਨ ਰਿਹਾ । ਮੌਸਮ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਹੁਣ ਅਗਲੇ 48 ਘੰਟਿਆਂ ਤੱਕ ਤਾਪਮਾਨ ਵਿੱਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ । ਇਸ ਤੋਂ ਬਾਅਦ ਤਾਪਮਾਨ ਵਿੱਚ 3 ਡਿਗਰੀ ਤੱਕ ਵਾਧਾ ਦਰਜ ਕੀਤਾ ਜਾ ਸਕਦਾ ਹੈ ।
ਮੌਸਮ ਵਿਭਾਗ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਗਲੇ ਇੱਕ ਹਫਤੇ ਦੇ ਅੰਦਰ ਪੰਜਾਬ ਵਿੱਚ 2 ਵਾਰ ਪੱਛਮੀ ਗੜਬੜੀ ਐਕਟਿਵ ਹੋ ਸਕਦੀ ਹੈ । ਜਿਸ ਦੇ ਬਾਅਦ ਹਲਕੀ ਬਾਰਿਸ਼ ਹੋਵੇਗੀ । ਗੁਰਦਾਸਪੁਰ,ਅੰਮ੍ਰਿਤਸਰ,ਤਰਨਤਾਰਨ,ਹੁਸ਼ਿਆਰਪੁਰ,ਨਵਾਂ ਸ਼ਹਿਰ,ਕਪੂਰਥਲਾ,ਜਲੰਧਰ,ਫਿਰੋਜ਼ਪੁਰ,ਫਾਜ਼ਿਲਕਾ,ਫਰੀਦਕੋਟ,ਮੁਕਤਸਰ ਸਾਹਿਬ,ਮੋਗਾ ਅਤੇ ਬਠਿੰਡਾ ਵਿੱਚ ਸੀਤ ਲਹਿਰ ਦੀ ਚਿਤਾਵਨੀ ਹੈ । ਸਵੇਰ ਵੇਲੇ ਸੀਤ ਲਹਿਰ ਦਾ ਅਸਰ ਜ਼ਿਆਦਾ ਰਹੇਗਾ । ਦਿਨ ਦਾ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਤੱਕ ਪਹੁੰਚ ਸਕਦਾ ਹੈ ।
ਗੁਆਂਢੀ ਸੂਬੇ ਹਰਿਆਣਾ ਵਿੱਚ ਸਵੇਰ ਦੇ ਤਾਪਮਾਨ ਵਿੱਚ 2 ਡਿਗਰੀ ਦੀ ਵੱਡੀ ਕਮੀ ਦਰਜ ਕੀਤੀ ਗਈ ਹੈ । ਮਹਿੰਦਰਗੜ੍ਹ ਵਿੱਚ ਸਭ ਤੋਂ ਘੱਟ 2 ਡਿਗਰੀ ਤਾਪਮਾਨ ਰਿਹਾ । ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਵਿੱਚ ਹੁਣ ਤਾਪਮਾਨ ਸਿੰਗਲ ਅੰਕੜੇ ਵਿੱਚ ਪਹੁੰਚ ਗਿਆ ਹੈ । ਸਿਰਸਾ ਵਿੱਚ ਸਭ ਤੋਂ ਵੱਧ 7 ਡਿਗਰੀ ਤਾਪਮਾਨ ਰਿਹਾ ।
ਹਿਮਾਚਲ ਪ੍ਰਦੇਸ਼ ਵਿੱਚ ਅੱਜ ਅਤੇ ਕੱਲ੍ਹ ਸੀਤ ਲਹਿਰ ਦਾ ਅਲਰਟ ਹੈ,29 ਨੂੰ ਮੁੜ ਤੋਂ ਪੱਛਮੀ ਗੜਬੜੀ ਐਕਟਿਵ ਹੋਣ ਦੀ ਭਵਿੱਖਵਾਣੀ ਕੀਤੀ ਗਈ ਹੈ । ਉਧਰ ਜਨਵਰੀ ਤੋਂ ਹੁਣ ਤੱਕ ਹਿਮਾਚਲ ਪ੍ਰਦੇਸ਼ ਵਿੱਚ ਇਸ ਵਾਰ 78 ਫੀਸਦੀ ਘੱਟ ਬਾਰਿਸ਼ ਹੋਈ ਹੈ ਜਿਸ ਨੇ ਕਿਸਾਨਾਂ ਦੀ ਟੈਨਸ਼ਨ ਵਧਾ ਦਿੱਤੀ ਹੈ । ਜ਼ਿਆਦਾ ਬਰਫਬਾਰੀ ਨਾ ਹੋਣ ਦੀ ਵਜ੍ਹਾ ਕਰਕੇ ਸੈਲਾਨੀਆਂ ਦੀ ਆਮਦ ਵੀ ਘੱਟ ਹੋਈ ਹੈ ।
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਸਵੇਰ ਦੇ ਤਾਪਮਾਨ ਵਿੱਚ ਕਮੀ ਦਰਜ ਕੀਤੀ ਗਈ ਹੈ,ਹਾਲਾਂਕਿ ਰਾਤ ਨੂੰ ਤਾਪਮਾਨ ਵਧਿਆ,ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹਫਤੇ ਦੇ ਪਹਿਲੇ ਦਿਨ ਤਾਪਮਾਨ 10 ਡਿਗਰੀ ਦੇ ਆਲੇ-ਦੁਆਲੇ ਦਰਜ ਕੀਤਾ ਗਿਆ ਹੈ ।
ਰਾਜਸਥਾਨ ਵਿੱਚ ਤਾਪਮਾਨ ਜ਼ੀਰੋ ਡਿਗਰੀ ਵਿੱਚ ਪਹੁੰਚ ਗਿਆ ਹੈ,ਬਰਫ ਜੰਮੀ ਹੋਈ ਵਿਖਾਈ ਦੇ ਰਹੀ ਹੈ । ਸੀਕਰ ਅਤੇ ਫਤਿਹਪੁਰ ਵਿੱਚ ਸੋਮਵਾਰ ਨੂੰ ਤਾਪਮਾਨ 0.5 ਡਿਗਰੀ ਦਰਜ ਕੀਤਾ ਗਿਆ । ਭੀਲਵਾੜਾ,ਜੈਪੁਰ,ਕੋਟਾ,ਸਮੇਤ ਕਈ ਸ਼ਹਿਰਾਂ ਵਿੱਚ ਤਾਪਮਾਨ 4 ਡਿਗਰੀ ਤੱਕ ਡਿੱਗ ਗਿਆ । ਫਰਵਰੀ ਦੇ ਪਹਿਲੇ ਹਫਤੇ ਪੱਛਮੀ ਗੜਬੜੀ ਐਕਟਿਵ ਹੋਣ ਦੀ ਸੰਭਾਵਨਾ ਹੈ ਅਤੇ ਮੀਂਹ ਦੀ ਵੀ ਭਵਿੱਖਵਾਣੀ ਕੀਤੀ ਗਈ ਹੈ ।
ਮੱਧ ਪ੍ਰਦੇਸ਼ ਵਿੱਚ ਮੁੜ ਤੋਂ ਦਿਨ ਅਤੇ ਰਾਤ ਨੂੰ ਤਾਪਮਾਨ ਵਿੱਚ ਕਮੀ ਦਰਜ ਕੀਤੀ ਗਈ ਹੈ । ਮੌਸਮ ਵਿਭਾਗ ਮੁਤਾਬਿਕ ਸੋਮਵਾਰ ਅਤੇ ਮੰਗਲਵਾਰ ਦੀ ਰਾਤ ਨੂੰ ਤਾਪਮਾਨ ਹੇਠਾਂ ਆਵੇਗਾ । 29,30,31 ਨੂੰ ਰਾਤ ਵੇਲੇ ਠੰਡ ਰਹੇਗੀ ਅਤੇ ਪਰ ਦਿਨ ਵੇਲੇ ਗਰਮੀ ਹੋ ਸਕਦੀ ਹੈ । 1 ਫਰਵਰੀ ਤੋਂ ਮੀਂਹ ਦਾ ਦੌਰ ਮੁੜ ਤੋਂ ਸ਼ੁਰੂ ਹੋ ਸਕਦਾ ਹੈ।