ਬਿਊਰੋ ਰਿਪੋਰਟ (ਅੰਮ੍ਰਿਤਸਰ, 30 ਅਗਸਤ 2025): ਪੰਜਾਬ ਵਿੱਚ ਹੜ੍ਹ ਦਾ ਕਹਿਰ ਵਧਦਾ ਜਾ ਰਿਹਾ ਹੈ। ਹੁਣ ਤੱਕ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਕਪੂਰਥਲਾ, ਹुਸ਼ਿਆਰਪੁਰ, ਫਿਰੋਜ਼ਪੁਰ ਤੇ ਫ਼ਾਜ਼ਿਲਕਾ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਹਨ। ਇਸ ਤੋਂ ਇਲਾਵਾ, ਪਟਿਆਲਾ ਤੇ ਮਾਨਸਾ ਵਿਚ ਵੀ ਪਾਣੀ ਦਾ ਪ੍ਰਭਾਵ ਦਿਖਣ ਲੱਗ ਪਿਆ ਹੈ। ਘੱਗਰ ਦਰਿਆ ਦੇ ਓਵਰਫਲੋ ਹੋਣ ਨਾਲ ਕਈ ਪਿੰਡਾਂ ਦੇ ਖੇਤ ਪਾਣੀ ਹੇਠ ਆ ਗਏ ਹਨ, ਜਦਕਿ ਸਤਲੁਜ ਅਤੇ ਰਾਵੀ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ।
ਅੰਮ੍ਰਿਤਸਰ ਦੇ ਨੇੜੇ ਅਜਨਾਲਾ ਇਲਾਕੇ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਿਆ ਹੈ। ਇਥੇ ਖੇਤਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ। ਹਾਲਾਤ ਵੇਖਣ ਗਏ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਲੋਕਾਂ ਦਾ ਦੁੱਖ-ਦਰਦ ਸੁਣਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਅਰਦਾਸ ਕਰਦਿਆਂ ਉਹ ਖ਼ੁਦ ਵੀ ਭਾਵੁਕ ਹੋ ਕੇ ਫੁੱਟ-ਫੁੱਟ ਕੇ ਰੋ ਪਏ।
ਉੱਧਰ ਮੁਕਤਸਰ ਵਿੱਚ ਹਾਦਸਾ ਵੀ ਵਾਪਰਿਆ ਜਦੋਂ ਗਿਦੜਬਾਹਾ ਵਿੱਚ ਸੋਥਾ ਰੋਡ ‘ਤੇ ਯਾਤਰੀਆਂ ਨਾਲ ਭਰੀ ਪ੍ਰਾਈਵੇਟ ਬਸ ਮੀਂਹ ਦੌਰਾਨ ਫਿਸਲ ਕੇ ਖੇਤਾਂ ਵਿਚ ਪਲ਼ਟ ਗਈ। ਬਸ ਡਰਾਈਵਰ, ਕੰਡਕਟਰ ਅਤੇ ਇੱਕ ਯਾਤਰੀ ਜ਼ਖ਼ਮੀ ਹੋਏ ਹਨ।
ਇਸ ਸਬੰਧੀ ਪੰਜਾਬ ਸਰਕਾਰ ਦੇ ਜਲ ਸਾਧਨ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਹੈ ਕਿ ਇਸ ਵਾਰ 1988 ਨਾਲੋਂ ਵੀ ਵੱਡੇ ਹੜ੍ਹ ਆਏ ਹਨ। ਲਗਭਗ 1000 ਪਿੰਡ ਪ੍ਰਭਾਵਿਤ ਹੋਏ ਹਨ। ਉਨ੍ਹਾਂ ਦੱਸਿਆ ਕਿ ਗਵਾਂਢੀ ਰਾਜਾਂ ਹਿਮਾਚਲ ਤੇ ਜੰਮੂ-ਕਸ਼ਮੀਰ ਵਿਚ ਵੱਧ ਬਾਰਿਸ਼ ਕਾਰਨ ਸਾਰਾ ਪਾਣੀ ਪੰਜਾਬ ਵਿੱਚ ਆ ਗਿਆ ਹੈ।
ਸਰਕਾਰੀ ਅੰਕੜਿਆਂ ਅਨੁਸਾਰ 1988 ਵਿੱਚ 11 ਲੱਖ 20 ਹਜ਼ਾਰ ਕਿਊਸਿਕ ਪਾਣੀ ਆਇਆ ਸੀ, ਪਰ ਇਸ ਵਾਰ ਹੁਣ ਤੱਕ 14 ਲੱਖ 11 ਹਜ਼ਾਰ ਕਿਊਸਿਕ ਪਾਣੀ ਦਰਜ ਕੀਤਾ ਗਿਆ ਹੈ। ਇਸ ਨੂੰ ਇਤਿਹਾਸ ਦਾ ਸਭ ਤੋਂ ਵੱਡਾ ਹੜ੍ਹ ਮੰਨਿਆ ਜਾ ਰਿਹਾ ਹੈ।
ਮਾਨਸੂਨ ਸੀਜ਼ਨ ਦੌਰਾਨ ਹੁਣ ਤੱਕ 23 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 3 ਲੋਕ ਲਾਪਤਾ ਹਨ। ਆਰਮੀ, BSF ਅਤੇ ਹੋਰ ਰਾਹਤ ਟੀਮਾਂ ਨੇ ਹੁਣ ਤੱਕ 11,330 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਹੈ।
ਪੰਜਾਬ ਕਾਂਗਰਸ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ, ਸਾਬਕਾ CM ਕੈਪਟਨ ਅਮਰਿੰਦਰ ਸਿੰਘ ਅਤੇ BJP ਦੇ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਉਹ ਪੰਜਾਬ ਦਾ ਦੌਰਾ ਕਰਨ ਤੇ ਰਾਹਤ ਪੈਕੇਜ ਜਾਰੀ ਕਰਨ।