International Punjab

ਹੁਣ ਇੰਗਲੈਂਡ ਦੇ ਲੋਕ ਖਾਣਗੇ ਪੰਜਾਬ ਦੀਆਂ ਲੀਚੀਆਂ! ਪੰਜਾਬ ਤੋਂ ਇੰਗਲੈਂਡ ਨੂੰ ਲੀਚੀ ਦੀ ਪਹਿਲੀ ਖੇਪ ਨਿਰਯਾਤ

ਪੰਜਾਬ ਸਰਕਾਰ ਨੇ ਪਹਿਲੀ ਵਾਰ ਸੂਬੇ ਦੇ ਨੀਮ ਪਹਾੜੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੋਂ ਇੰਗਲੈਂਡ (ਯੂਕੇ) ਨੂੰ ਲੀਚੀ ਦੀ ਬਰਾਮਦ ਸ਼ੁਰੂ ਕੀਤੀ ਹੈ। ਬਾਗਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਬਾਗਬਾਨੀ ਵਿਭਾਗ ਵੱਲੋਂ ਐਗਰੀਕਲਚਰ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (Processed Food Products Export Development Authority- APEDA) ਦੇ ਸਹਿਯੋਗ ਨਾਲ ਬਰਾਮਦ ਕੀਤੀ ਗਈ ਲੀਚੀ ਦੀ ਪਹਿਲੀ ਖੇਪ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਕੁੱਲ 3250 ਹੈਕਟੇਅਰ ਰਕਬੇ ਵਿੱਚ ਲੀਚੀ ਦੀ ਕਾਸ਼ਤ ਹੁੰਦੀ ਹੈ, ਜਿਸ ਦਾ ਉਤਪਾਦਨ ਲਗਭਗ 13,000 ਮੀਟ੍ਰਿਕ ਟਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ, ਗੁਰਦਾਸਪੁਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਅਨੁਕੂਲ ਮੌਸਮ ਹੋਣ ਕਾਰਨ ਇੱਥੇ ਪੈਦਾ ਹੋਣ ਵਾਲੀ ਲੀਚੀ ਕੁਦਰਤੀ ਤੌਰ ’ਤੇ ਗਹਿਰੀ ਲਾਲ ਹੁੰਦੀ ਹੈ। ਰੰਗ ਅਤੇ ਮਿਠਾਸ ਦੂਜੇ ਸੂਬਿਆਂ ਨਾਲੋਂ ਉੱਤਮ ਹੈ।

ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ, ਬਾਗਬਾਨੀ ਵਿਭਾਗ ਅਤੇ APEDA ਦੇ ਸਹਿਯੋਗ ਨਾਲ, ਹੋਰ ਬਾਗਬਾਨੀ ਫਸਲਾਂ ਦੀ ਬਰਾਮਦ ਲਈ ਵੀ ਯਤਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਮੁਰਾਦਪੁਰ ਦੇ ਅਗਾਂਹਵਧੂ ਕਿਸਾਨ ਰਾਕੇਸ਼ ਡਡਵਾਲ ਦੀ ਲੀਚੀ ਦੀ ਪੈਦਾਵਾਰ ਅੰਮ੍ਰਿਤਸਰ ਤੋਂ ਇੰਗਲੈਂਡ ਨੂੰ ਨਿਰਯਾਤ ਲਈ ਭੇਜੀ ਗਈ ਹੈ।

ਕੈਬਨਿਟ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਫਲ ਮਹੱਤਵਪੂਰਨ ਵਿਦੇਸ਼ੀ ਮੰਡੀਆਂ ਵਿੱਚ ਸੂਬੇ ਦਾ ਨਾਂ ਰੌਸ਼ਨ ਕਰਨਗੇ ਅਤੇ ਲੀਚੀ ਉਤਪਾਦਕ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਹਾਸਲ ਕਰਨਗੇ।

ਇਹ ਵੀ ਪੜ੍ਹੋ – ਦੇਸ਼ ਵਿੱਚ ਸਿੱਖਾਂ ਦੀ ਆਮਦਨ ਹਿੰਦੂਆਂ ਤੇ ਮੁਸਲਮਾਨਾਂ ਨਾਲੋਂ ਸਭ ਤੋਂ ਵੱਧ ਵਧੀ! ਤਾਜ਼ਾ ਰਿਪੋਰਟ ਵਿੱਚ ਖ਼ੁਲਾਸਾ