Punjab

ਇਸ ਦਿਨ ਤੋਂ ਮੁੜ ਬਦਲੇਗਾ ਪੰਜਾਬ ਦਾ ਮੌਸਮ,ਤੇਜ਼ ਮੀਂਹ,40 ਕਿਲੋਮੀਟਰ ਰਫ਼ਤਾਰ ਨਾਲ ਹਵਾਵਾਂ ! ਖੇਤੀ ਲਈ ਚੰਗਾ ਨਹੀਂ

ਬਿਉਰੋ ਰਿਪੋਰਟ : ਪੰਜਾਬ ਵਿੱਚ ਇੱਕ ਵਾਰ ਮੁੜ ਤੋਂ ਮੌਸਮ ਬਦਲਣ ਵਾਲਾ ਹੈ । ਮੌਸਮ ਵਿਭਾਗ ਦੇ ਵੱਲੋਂ 11 ਮਾਰਚ ਨੂੰ 7 ਜ਼ਿਲ੍ਹਿਆਂ ਅਤੇ 13 ਮਾਰਚ ਨੂੰ ਪੂਰੇ ਸੂਬੇ ਵਿੱਚ ਐਲੋ ਅਲਰਟ ਜਾਰੀ ਕੀਤਾ ਹੈ । ਇਸ ਦੌਰਾਨ ਗਰਜ ਦੇ ਨਾਲ ਮੀਂਹ ਪਏਗਾ ਅਤੇ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ । ਪੱਛਮੀ ਗੜਬੜੀ ਵੀ ਇਸ ਦੌਰਾਨ ਕਾਫੀ ਹਾਵੀ ਰਹੇਗੀ । ਮੀਂਹ ਤੋਂ ਬਾਅਦ ਇੱਕ ਵਾਰ ਮੁੜ ਤੋਂ ਪੰਜਾਬ ਦਾ ਤਾਪਮਾਨ ਹੇਠਾਂ ਡਿੱਗੇਗਾ । 10 ਮਾਰਚ ਨੂੰ ਦਿਨ ਵੇਲੇ ਮੌਸਮ ਸਾਫ ਹੈ ਪਰ ਰਾਤ ਤੋਂ ਬੱਦਲ ਆਉਣੇ ਸ਼ੁਰੂ ਹੋ ਜਾਣਗੇ ਅਤੇ ਸਵੇਰ 7 ਜ਼ਿਲ੍ਹਿਆਂ ਵਿੱਚ ਮੀਂਹ ਪਏਗਾ ।

11 ਮਾਰਚ ਨੂੰ 7 ਜ਼ਿਲ੍ਹਿਆਂ ਵਿੱਚ ਅਲਰਟ

ਮੌਸਮ ਵਿਭਾਗ ਨੇ 11 ਮਾਰਚ ਨੂੰ 7 ਜ਼ਿਲ੍ਹਿਆਂ ਪਠਾਨਕੋਟ,ਗੁਰਦਾਸਪੁਰ,ਅੰਮ੍ਰਿਤਸਰ,ਹੁਸ਼ਿਆਰਪੁਰ,ਨਵਾਂ ਸ਼ਹਿਰ,ਕਪੂਰਥਲਾ,ਜਲੰਧਰ ਅਤੇ 13 ਮਾਰਚ ਨੂੰ 23 ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਹੈ । ਹਾਲਾਂਕਿ ਮਾਨਸਾ,ਬਰਨਾਲਾ,ਮੁਕਤਸਰ ਅਤੇ ਮੋਗਾ ਵਿੱਚ ਤੇਜ਼ ਹਵਾਵਾਂ ਦਾ ਅਲਰਟ ਨਹੀਂ ਹੈ । ਮੌਸਮ ਵਿੱਚ ਇਸ ਤਰ੍ਹਾਂ ਦੀ ਤਬਦੀਲੀ ਨੇ ਕਿਸਾਨਾਂ ਦੀ ਚਿੰਤਾ ਵਧਾ ਰਹੀ ਹੈ । ਕਿਉਂਕਿ 1 ਤੋਂ 3 ਮਾਰਚ ਦੇ ਵਿਚਾਲੇ ਗੜੇ ਮਾਰੀ ਨਾਲ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਸੀ ।

ਪਟਿਆਲਾ ਵਿੱਚ ਦਰਜ ਸਭ ਤੋਂ ਵੱਧ ਤਾਪਮਾਨ

ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ 1.5 ਫੀਸਦੀ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ । ਇਸ ਦੌਰਾਨ ਪਟਿਆਲਾ ਵਿੱਚ ਸਭ ਤੋਂ ਵੱਧ ਤਾਪਮਾਨ 27.0 ਡਿਗਰੀ ਦਰਜ ਕੀਤਾ ਗਿਆ ਹੈ । ਅੰਮ੍ਰਿਤਸਰ ਵਿੱਚ ਸਭ ਤੋਂ ਵੱਧ ਤਾਪਮਾਨ 26.2, ਲੁਧਿਆਣਾ 25.6, ਪਠਾਨਕੋਟ 26.6 ਅਤੇ ਮੁਹਾਲੀ 25.6 ਡਿਗਰੀ ਦਰਜ ਕੀਤਾ ਗਿਆ ਹੈ ।16 ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 10 ਡਿਗਰੀ ਹੇਠਾਂ ਆਇਆ ਹੈ ।

ਚੌਥੇ ਦਿਨ ਘੱਟੋ-ਘੱਟ ਤਾਪਮਾਨ ਵਧਿਆ

ਐਤਵਾਰ ਨੂੰ ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਇੱਕ ਵਾਰ ਮੁੜ ਤੋਂ 0.8 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ । ਸਭ ਤੋਂ ਘੱਟ ਤਾਪਮਾਨ ਮੋਗਾ ਦਾ 7.7 ਡਿਗਰੀ ਦਰਜ ਕੀਤਾ ਗਿਆ ਹੈ ਜਦਕਿ ਸਭ ਤੋਂ ਵੱਧ ਮੁਹਾਲੀ ਦਾ 14.3 ਡਿਗਰੀ ਦਰਜ ਕੀਤਾ ਗਿਆ ਹੈ । ਚੰਡੀਗੜ੍ਹ,ਅੰਮ੍ਰਿਤਸਰ,ਲੁਧਿਆਣਾ,ਪਟਿਆਲਾ,ਪਠਾਨਕੋਟ,ਫਰੀਦਕੋਟ,ਬਠਿੰਡਾ ਵਿੱਚ ਤਾਪਮਾਨ 10 ਤੋਂ 11 ਡਿਗਰੀ ਦੇ ਵਿਚਾਲੇ ਹੈ ਜਦਕਿ ਜਲੰਧਰ,ਫਿਰੋਜ਼ਪੁਰ,ਰੋਪੜ ਵਿੱਚ ਤਾਪਮਾਨ 8 ਡਿਗਰੀ ਦਰਜ ਕੀਤਾ ਗਿਆ ਹੈ ।