Punjab

ਅੱਜ ਪੰਜਾਬ ਦੇ ਇੰਨਾਂ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ ! ਹਿਮਾਚਲ ‘ਚ ਪਈ ਸੀਜ਼ਨ ਦੀ ਪਹਿਲੀ ਬਰਫ਼ਬਾਰੀ !

 

ਬਿਉਰੋ ਰਿਪੋਰਟ : ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਵਿੱਚ ਬੁੱਧਵਾਰ ਨੂੰ ਵੀ ਸੰਘਣੀ ਧੁੰਦ ਰਹੀ । ਵਿਜ਼ੀਬਿਲਟੀ 50 ਤੋਂ 100 ਮੀਟਰ ਦੇ ਵਿਚਾਲੇ ਦਰਜ ਕੀਤੀ ਗਈ ਹੈ । ਉਧਰ ਹਿਮਾਚਲ ਦੇ ਕੁਫਰੀ ਵਿੱਚ ਇਸ ਸਾਲ ਦੀ ਪਹਿਲੀ ਬਰਫਬਾਰੀ ਹੋਈ ਹੈ। ਮੌਸਮ ਵਿਭਾਗ ਨੇ ਠੰਡ ਦੇ ਹੋਰ ਵਧਣ ਦੀ ਉਮੀਦ ਜਤਾਈ ਹੈ। ਹਾਲਾਂਕਿ 15 ਜਨਵਰੀ ਤੋਂ ਪਹਿਲਾਂ ਮੌਸਮ ਵਿਭਾਗ ਨੇ ਬਰਫਬਾਰੀ ਨਾ ਹੋਣ ਦੀ ਭਵਿੱਖਬਾਣੀ ਕੀਤੀ ਸੀ । ਪਰ ਹੁਣ ਸਾਹਮਣੇ ਆਇਆ ਹੈ ਲੋਹੜੀ ਤੱਕ ਠੰਡੀ ਹਵਾਵਾਂ ਚੱਲਦੀਆਂ ਰਹਿਣਗੀਆਂ।

ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਮੌਸਮ ਖਰਾਬ ਰਹੇਗਾ ।

ਪਠਾਨਕੋਟ,ਗੁਰਦਾਸਪੁਰ,ਅੰਮ੍ਰਿਤਸਰ,ਤਰਨਤਾਰਨ,ਹੁਸ਼ਿਆਰਪੁਰ,ਨਵਾਂਸ਼ਹਿਰ,ਜਲੰਧਰ,ਫਾਜ਼ਿਲਕਾ,ਫਰੀਦਕੋਟ,ਮੋਗਾ,ਬਠਿੰਡਾ,ਲੁਧਿਆਣਾ,ਬਰਨਾਲਾ,ਫਤਿਹਗੜ੍ਹ ਸਾਹਿਬ,ਪਟਿਆਲਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ । ਪੂਰੇ ਪੰਜਾਬ ਦਾ ਤਾਪਮਾਨ 8.3 ਡਿਗਰੀ ਦੇ ਆਲੇ ਦੁਆਲੇ ਦਰਜ ਕੀਤਾ ਗਿਆ ਹੈ,ਅੱਜ ਦੁੱਪ ਨਿਕਲਣ ਦੇ ਅਸਾਰ ਘੱਟ ਹਨ । ਉਧਰ ਹਰਿਆਣਾ ਵਿੱਚ 10 ਜ਼ਿਲ੍ਹਿਆਂ ਦਾ ਮੌਸਮ ਜ਼ਿਆਦਾ ਖਰਾਬ ਰਹੇਗਾ। ਅੰਬਾਲਾ,ਯਮੁਨਾਨਗਰ,ਕੁਰੂਕਸ਼ੇਤਰ,ਕਰਨਾਲ,ਸਿਰਸਾ,ਫਤਿਹਾਬਾਦ,ਹਿਸਾਰ,ਜੀਂਦ,ਭਿਵਾਨੀ,ਚਰਖੀ ਦਾਦਰੀ ਵਿੱਚ ਮੀਂਹ ਪੈ ਸਕਦਾ ਹੈ ।

ਹਿਮਾਚਲ ਦੀ ਘੱਟੋਂ -ਘੱਟ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ । ਮੌਸਮ ਵਿਭਾਗ ਦੇ ਅੰਕੜਿਆਾਂ ਦੇ ਮੁਤਾਬਿਕ ਕੁਕੁਮਸੇਰੀ ਵਿੱਚ ਰਾਤ ਦਾ ਤਾਪਮਾਨ – -8.6 ਡਿਗਰੀ ਹੈ। ਕੁਫਰੀ ਵਿੱਚ ਰਾਤ ਦਾ ਤਾਪਮਾਨ -0.4 ਡਿਗਰੀ ਦਰਜ ਕੀਤਾ ਗਿਆ ਹੈ । ਉਧਰ ਭੁੰਤਰ ਵਿੱਚ ਘੱਟੋ-ਘੱਟ ਤਾਪਮਾਨ 0.8 ਡਿਗਰੀ, ਸੁੰਦਰਨਗਰ ਵਿੱਚ 0.9 ਡਿਗਰੀ, ਸੋਲਨ ਅਤੇ ਮੰਡੀ ਵਿੱਚ 1.1 ਡਿਗਰੀ ਅਤੇ ਸ਼ਿਮਲਾ ਵਿੱਚ 2.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।

ਚੰਡੀਗੜ੍ਹ ਵਿੱਚ ਧੁੰਦ ਰਹੇਗੀ,ਧੁੱਪ ਨਿਕਲਣ ਦੀ ਸੰਭਾਵਨਾ ਘੱਟ ਹੈ । ਇਸ ਦੌਰਾਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਅਤੇ ਘੱਟੋ-ਘੱਟ 8 ਡਿਗਰੀ ਰਹਿਣ ਦੀ ਸੰਭਾਵਨਾ ਹੈ ।

ਪੰਜਾਬ ਅਤੇ ਹਰਿਆਣਾ ਵਿੱਚ ਸੁਸਤ ਹੋਈ ਪੱਛਮੀ ਗੜਬੜੀ

ਮੌਸਮ ਵਿਭਾਗ ਦੇ ਮੁਤਾਬਿਕ ਪੱਛਮੀ ਗੜਬੜੀ ਉੱਤਰੀ ਪੰਜਾਬ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸੁਸਤ ਹੋ ਗਈ ਹੈ । ਉਧਰ ਹਰਿਆਣਾ ਦੇ ਆਲੇ-ਦੁਆਲੇ ਖੇਤਰ ਵਿੱਚ ਪੱਛਮੀ ਗੜਬੜੀ ਨੂੰ ਸਾਇਕਲੋਨ ਸਰਕੂਲੇਸ਼ਨ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ। ਪਰ ਹੁਣ ਉਹ ਸੁਸਤ ਹੁੰਦਾ ਵਿਖਾਈ ਦੇ ਰਿਹਾ ਹੈ। ਜਿਸ ਦੇ ਚੱਲਦੇ ਕੱਲ ਮੀਂਹ ਨਹੀਂ ਪਿਆ ।