Punjab

ਪੰਜਾਬ ਦੇ ਮੁਲਾਜ਼ਮ ਮੁੜ ਕਿਉਂ ਸ਼ੁਰੂ ਕਰ ਰਹੇ ਸੰਘਰਸ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁਲਾਜ਼ਮ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲੈ ਕੇ ਮੁੜ ਰੋਹ ਵਿੱਚ ਆ ਗਏ ਹਨ। ਅੱਜ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਵੱਲੋਂ ਦਰੀਆਂ ਵਿਛਾ ਕੇ ਧਰਨਾ ਦਿੱਤਾ ਗਿਆ, ਜਿਸ ਨੇ ਬਾਅਦ ਵਿੱਚ ਵਿਸ਼ਾਲ ਧਰਨੇ ਦਾ ਰੂਪ ਧਾਰਨ ਕਰ ਲਿਆ ਹੈ। ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਵਿਰੋਧ ਵਿੱਚ ਸੂਬੇ ਭਰ ਦੇ ਮੁਲਾਜ਼ਮਾਂ ਵੱਲੋਂ 23 ਤੋਂ 27 ਜੂਨ ਤੱਕ ਕਲਮ ਛੋੜ ਹੜਤਾਲ ਕੀਤੀ ਗਈ ਸੀ। ਪਰ ਸਰਕਾਰ ਵੱਲੋਂ ਮੰਤਰੀਆਂ ਅਤੇ ਅਫਸਰਾਂ ਦੀ ਇੱਕ ਕਮੇਟੀ ਦਾ ਗਠਨ ਕਰਨ ਤੋਂ ਬਾਅਦ ਸੰਘਰਸ਼ ਵਾਪਸ ਲਿਆ ਗਿਆ ਸੀ।

ਹੈਰਾਨੀ ਦੀ ਗੱਲ ਹੈ ਕਿ ਜਦੋਂ ਕਮੇਟੀ ਅਤੇ ਮੁਲਾਜ਼ਮ ਆਗੂਆਂ ਦੀਆਂ ਮੀਟਿੰਗਾਂ ਚੱਲ ਰਹੀਆਂ ਸਨ ਤਾਂ ਸਰਕਾਰ ਨੇ ਚੁੱਪ-ਚਪੀਤੇ ਕਮਿਸ਼ਨ ਲਾਗੂ ਕਰਨ ਦਾ ਮੁੜ ਹੁਕਮ ਜਾਰੀ ਕਰ ਦਿੱਤਾ, ਜਿਸਨੂੰ ਲੈ ਕੇ ਮੁਲਾਜ਼ਮ ਰੋਹ ਵਿੱਚ ਹਨ ਅਤੇ ਉਹ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਇੱਥੇ ਦੱਸਣਾ ਜ਼ਰੂਰੀ ਹੈ ਕਿ ਹਰ 10 ਸਾਲਾਂ ਬਾਅਦ ਮੁਲਾਜ਼ਮਾਂ ਨੂੰ ਨਵਾਂ ਕਮਿਸ਼ਨ ਪੇ ਸਕੇਲ ਦਿੱਤਾ ਜਾਂਦਾ ਹੈ ਅਤੇ ਇਹ 2016 ਤੋਂ ਡਿਊ ਸੀ। ਸਰਕਾਰ ਵੱਲੋਂ ਪੰਜ ਸਾਲ ਪੱਛੜ ਕੇ ਦਿੱਤੇ ਇਸ ਕਮਿਸ਼ਨ ਵਿੱਚ ਮੁਲਾਜ਼ਮਾਂ ਦੇ ਭੱਤੇ ਵਾਪਸ ਲਏ ਗਏ ਹਨ ਅਤੇ ਤਨਖਾਹ ਵਿੱਚ ਮਾਮੂਲੀ ਵਾਧਾ ਕੀਤਾ ਗਿਆ ਹੈ।