21 ਅਗਸਤ ਨੂੰ ਅਧਿਆਪਕਾਂ ਦੀ ਭਰਤੀ ਲਈ ਪਹਿਲਾ ਇਮਤਿਹਾਨ ਹੋਵੇਗਾ
‘ਦ ਖ਼ਾਲਸ ਬਿਊਰੋ :- ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਦੀ ਨੌਕਰੀ ਲਈ ਉਡੀਕ ਕਰ ਰਹੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ ਹੈ। ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਟੀਚਰਾਂ ਦੀ ਭਰਤੀ ਦੇ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਸੂਬੇ ਵਿੱਚ 4 ਹਜ਼ਾਰ 902 ਅਧਿਆਪਕਾਂ ਦੀ ਭਰਤੀ ਲਈ 21 ਅਗਸਤ ਤੋਂ 11 ਸਤੰਬਰ ਦੇ ਵਿਚਾਲੇ ਇਮਤਿਹਾਨ ਹੋਣਗੇ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਸ ਸਬੰਧ ਵਿੱਚ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਜਲਦ ਹੀ ਸਰਕਾਰ ਹੋਰ ਭਰਤੀਆਂ ਨੂੰ ਮਨਜ਼ੂਰੀ ਦੇਵੇਗੀ ਅਤੇ ਇੱਕ ਸਾਲ ਦੇ ਅੰਦਰ ਅਧਿਆਪਕਾਂ ਦੀ ਗਿਣਤੀ ਪੂਰੀ ਕਰ ਲਈ ਜਾਵੇਗੀ।
ਇਹ ਹੈ ਇਮਤਿਹਾਨਾਂ ਦੀ ਡੇਟਸ਼ੀਟ
ਪੰਜਾਬ ਸਿੱਖਿਆ ਵਿਭਾਗ ਵੱਲੋਂ ਕੁੱਲ 8 ਵਿਸ਼ਿਆਂ ਦੇ ਅਧਿਆਪਕਾਂ ਲਈ 2 ਸ਼ਿਫਟਾਂ ਵਿੱਚ ਇਮਤਿਹਾਨ ਰੱਖਿਆ ਗਿਆ ਹੈ। ਇੱਕ ਸ਼ਿਫਟ ਸਵੇਰ 9 ਤੋਂ 12 ਹੈ ਜਦਕਿ ਦੂਜੀ ਸ਼ਿਫਟ ਦੁਪਹਿਰ ਢਾਈ ਤੋਂ ਸ਼ਾਮ 5 ਦੀ ਹੈ। ਇਮਤਿਹਾਨਾਂ ਦੇ ਲਈ ਚਾਰ ਦਿਨ ਰੱਖੇ ਗਏ ਹਨ। ਹਰ ਰੋਜ਼ 2 ਵਿਸ਼ਿਆਂ ਦੇ ਇਮਤਿਹਾਨ ਹੋਣਗੇ ਅਤੇ 21 ਅਗਸਤ ਤੋਂ ਸ਼ੁਰੂ ਇਮਤਿਹਾਨ 11 ਸਤੰਬਰ ਤੱਕ ਚੱਲਣਗੇ।
- 21 ਅਗਸਤ ਨੂੰ ਸੋਸ਼ਲ ਸਾਇੰਸ ਦੇ ਲਈ ਸਵੇਰ 9 ਵਜੇ ਤੋਂ 12 ਵਜੇ ਤੱਕ ਇਮਤਿਹਾਨ
- 21 ਅਗਸਤ ਨੂੰ ਦੁਪਹਿਰ ਢਾਈ ਵਜੇ ਤੋਂ ਸ਼ਾਮ 5 ਵਜੇ ਤੱਕ ਪੰਜਾਬੀ ਵਿਸ਼ੇ ਲਈ ਇਮਤਿਹਾਨ
- 28 ਅਗਸਤ ਨੂੰ ਹਿਸਾਬ ਦੇ ਵਿਸ਼ੇ ਲਈ ਸਵੇਰ 9 ਵਜੇ ਤੋਂ 12 ਵਜੇ ਤੱਕ ਇਮਤਿਹਾਨ
- 28 ਅਗਸਤ ਦੁਪਹਿਰ ਢਾਈ ਤੋਂ ਸ਼ਾਮ 5 ਵਜੇ ਵਿੱਚ ਹਿੰਦੀ ਵਿਸ਼ੇ ਲਈ ਇਮਤਿਹਾਨ
- 4 ਸਤੰਬਰ ਸਵੇਰ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਫਿਜ਼ੀਕਲ ਐਜੂਕੇਸ਼ਨ ਦਾ ਇਮਤਿਹਾਨ
- 4 ਸਤੰਬਰ ਦੁਪਹਿਰ ਢਾਈ ਤੋਂ ਸ਼ਾਮ 5 ਵਜੇ ਤੱਕ ਅੰਗਰੇਜ਼ੀ ਵਿਸ਼ੇ ਲਈ ਇਮਤਿਹਾਨ
- 11 ਸਤੰਬਰ ਸਵੇਰ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਸਾਇੰਸ ਦਾ ਇਮਤਿਹਾਨ
- 11 ਸਤੰਬਰ ਸ਼ਾਮ ਢਾਈ ਵਜੇ ਤੋਂ ਸ਼ਾਮ 5 ਵਜੇ ਤੱਕ ਮਿਊਜ਼ਿਕ ਵਿਸ਼ੇ ਲਈ ਇਮਤਿਹਾਨ