ਬਿਊਰੋ ਰਿਪੋਰਟ : ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ । ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰੇਨੇਡ ਨਾਲ ਗਿਰਫ਼ਤਾਰ ਕੀਤਾ ਹੈ । ਇਹ ਦੋਵੇ ਨਸ਼ੇ ਦੇ ਆਦੀ ਹਨ ਅਤੇ ਫਿਰੋਜ਼ਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਦੋਵੇ ਹੀ ਆਪਣੀ ਕਾਰ ਵਿੱਚ ਅੰਮ੍ਰਿਤਸਰ ਵਿੱਚ ਘੁੰਮ ਰਹੇ ਸਨ। ਸੂਚਨਾ ਦੇ ਅਧਾਰ ‘ਤੇ ਪਲਿਸ ਨੇ ਤਲਾਸ਼ੀ ਅਭਿਆਨ ਚਲਾਇਆ ਅਤੇ ਦੋਵੇ ਮੁਲਜ਼ਮਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ । ਜਦਕਿ ਫੜੇ ਗਏ ਇੱਕ ਮੁਲਜ਼ਮ ਦੀ ਪਤਨੀ ਨੇ ਉਲਟਾ ਪੁਲਿਸ ‘ਤੇ ਹੀ ਗੰਭੀਰ ਇਲਜ਼ਾਮ ਲਗਾਏ ਹਨ।
ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਫਿਰੋਜ਼ਪੁਰ ਦੇ ਪਿੰਡ ਬੋਰੇਕੇ ਦੇ ਰਹਿਣ ਵਾਲੇ ਪ੍ਰਕਾਸ਼ ਸਿੰਘ ਅਤੇ ਪਿੰਡ ਅਲੀਕੇ ਦੇ ਰਹਿਣ ਵਾਲੇ ਅੰਗਰੇਜ਼ ਸਿੰਘ ਦੀ ਕਾਰ ਦਬੁਰਜੀ ਦੇ ਕੋਲ ਗ੍ਰੀਨ ਫੀਲਡ ਗਾਰਡਨ ਐਨਕਲੇਵ ਵਿੱਚ ਘੁੰਮ ਰਹੀ ਸੀ । ਕਾਰ ਦਾ ਨੰਬਰ PB05 AN 1855 ਸੀ । ਇਤਲਾਹ ਮਿਲੀ ਸੀ ਕਿ ਗੱਡੀ ਵਿੱਚ ਗੋਲਾ ਬਾਰੂਦ ਹਨ ਅਤੇ ਉਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਕਾ ਵਿੱਚ ਹਨ। ਜਿਸ ਤੋਂ ਬਾਅਦ ਪੁਲਿਸ ਨੇ ਸਰਚ ਅਭਿਆਨ ਚਲਾਇਆ ਅਤੇ 2 ਮੁਲਜ਼ਮਾਂ ਦੀ ਕਾਰ ਨੂੰ ਰੋਕਿਆ ਜਿਸ ਵਿੱਚੋਂ 3 ਗ੍ਰੇਨੇਡ ਫੜੇ ਗਏ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਤੋਂ 1 ਲੱਖ ਰੁਪਏ ਵੀ ਜ਼ਬਤ ਕੀਤੇ ਗਏ ਹਨ ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪ੍ਰਕਾਸ਼ ਸਿੰਘ ਅਤੇ ਅੰਗਰੇਜ਼ ਸਿੰਘ ਨੇ ਤਿੰਨ ਗ੍ਰੇਨੇਡ ਪਾਕਿਸਤਾਨ ਤੋਂ ਮਿਲੀ ਸੂਚਨਾ ਦੇ ਅਧਾਰ ‘ਤੇ ਬਰਾਮਦ ਕੀਤੇ ਹਨ । ਪੁਲਿਸ ਦੋਵਾਂ ਨੂੰ ਰਿਮਾਂਡ ਵਿੱਚ ਲੈਕੇ ਪੁੱਛ-ਗਿੱਛ ਕਰੇਗੀ। ਹੋ ਸਕਦਾ ਹੈ ਕਿ ਡਰੋਨ ਦੇ ਜ਼ਰੀਏ ਇਹ ਗ੍ਰੇਨੇਡ ਪਾਕਿਸਤਾਨ ਤੋਂ ਭੇਜੇ ਗਏ ਹੋਣ ਅਤੇ ਇੰਨਾਂ ਦੋਵਾਂ ਨੂੰ ਡਿਲੀਵਰੀ ਲਈ ਚੁਣਿਆ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਮਾਮਲੇ ਆਏ ਹਨ ਜਦੋਂ ਨਸ਼ਾ ਕਰਨ ਵਾਲਿਆਂ ਨੂੰ ਹਥਿਆਰਾਂ ਦੀ ਸਪਲਾਈ ਦੇ ਲਈ ਚੁਣਿਆ ਗਿਆ ਸੀ। ਕਰਨਾਲ ਵਿੱਚ 6 ਮਹੀਨੇ ਪਹਿਲਾਂ ਹਥਿਆਰਾਂ ਨਾਲ ਫੜੇ ਗਏ ਮੁਲਜ਼ਮ ਵੀ ਨਸ਼ੇ ਦੇ ਆਦੀ ਹੀ ਸਨ ਅਤੇ ਪਾਕਿਸਤਾਨ ਵਿੱਚ ਬੈਠੇ ਹਰਵਿੰਦਰ ਸਿੰਘ ਰਿੰਦਾ ਵੱਲੋਂ ਉਨ੍ਹਾਂ ਨੂੰ ਪੈਸਿਆਂ ਦਾ ਲਾਲਚ ਦੇਕੇ ਭੇਜਿਆ ਗਿਆ ਸੀ । ਉਧਰ ਅੰਮ੍ਰਿਤਸਰ ਵਿੱਚ ਜਿੰਨਾਂ ਮੁਲਜ਼ਮਾਂ ਨੂੰ ਗ੍ਰੇਨੇਡ ਦੇ ਨਾਲ ਫੜਿਆ ਹੈ ਉਨ੍ਹਾਂ ਦੇ ਪਰਿਵਾਰ ਵਾਲੇ ਉਲਟਾ ਪੁਲਿਸ ‘ਤੇ ਇਲਜ਼ਾਮ ਲੱਗਾ ਰਹੇ ਹਨ ।
ਪਰਿਵਾਰ ਦਾ ਇਲਜ਼ਾਮ
ਮੁਲਜ਼ਮ ਅੰਗਰੇਜ਼ ਸਿੰਘ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਅੰਮ੍ਰਿਤਸਰ ਮੱਥਾ ਟੇਕਣ ਪਹੁੰਚੇ ਸਨ । ਬੀਤੀ ਰਾਤ ਪੁਲਿਸ ਦਾ ਫੋਨ ਆਇਆ ਕੀ ਅੰਗਰੇਜ਼ ਸਿੰਘ ਅਤੇ ਪ੍ਰਕਾਸ਼ ਸਿੰਘ ਨੂੰ ਫੜਿਆ ਗਿਆ ਹੈ। ਪਤਨੀ ਪਰਮਜੀਤ ਕੌਰ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਝੂਠੇ ਮਾਮਲੇ ਵਿੱਚ ਉਸ ਦੇ ਪਤੀ ਨੂੰ ਗਿਰਫ਼ਤਾਰ ਕੀਤਾ ਹੈ । ਹਾਲਾਂਕਿ ਪਤਨੀ ਨੇ ਇਹ ਜ਼ਰੂਰ ਮੰਨਿਆ ਹੈ ਕਿ ਉਸ ਦਾ ਪਤੀ ਨਸ਼ੇ ਦਾ ਆਦੀ ਹੈ ਅਤੇ ਨਸ਼ੇ ਦਾ ਇਨਜੈਕਸ਼ਨ ਲੈਂਦਾ ਸੀ । 5 ਮਹੀਨੇ ਪਹਿਲਾਂ ਉਸ ਦਾ ਵਿਆਹ ਹੋਇਆ ਸੀ । ਨਸ਼ਾ ਛਡਾਉ ਕੇਂਦਰ ਵਿੱਚ ਉਸ ਦਾ ਇਲਾਜ ਚੱਲ ਰਿਹਾ ਸੀ ਅਤੇ ਉਹ ਫਿਰੋਜ਼ਪੁਰ ਦੇ ਹਸਪਤਾਲ ਵਿੱਚ ਦਾਖਲ ਵੀ ਰਿਹਾ ਸੀ।