‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕਰੋਨਾ ਵੈਕਸੀਨ ਨੂੰ ਲੈ ਕੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਪੰਜਾਬ ਕੋਲ 18 ਤੋਂ 45 ਸਾਲ ਦੀ ਉਮਰ ਦੇ ਵਰਗ ਲਈ ਇੱਕ ਵੀ ਕੋਵਿਡ-19 ਟੀਕਾ ਨਹੀਂ ਹੈ। ਪੰਜਾਬ ਦੇ ਐਡਵੋਕੇਟ ਜਨਰਲ ਅਤੁੱਲ ਨੰਦਾ ਨੇ ਕਿਹਾ ਕਿ ਪੰਜਾਬ ਨੂੰ 18 ਤੋਂ 45 ਸਾਲ ਦੇ ਉਮਰ ਵਰਗ ਲਈ ਕੋਵਿਡ-19 ਟੀਕੇ ਦੀਆਂ 2.64 ਕਰੋੜ ਖੁਰਾਕਾਂ ਦੀ ਜ਼ਰੂਰਤ ਹੈ ਪਰ ਇਸ ਵੇਲੇ ਪੰਜਾਬ ਕੋਲ ਇੱਕ ਵੀ ਖੁਰਾਕ ਨਹੀਂ ਹੈ। ਨੰਦਾ ਨੇ ਹਾਈਕੋਰਟ ਨੂੰ ਦੱਸਿਆ ਕਿ ਸੂਬੇ ਨੇ ਟੀਕਾ ਨਿਰਮਾਤਾ ਸੀਰਮ ਅਤੇ ਭਾਰਤ ਬਾਇਓਟੈੱਕ ਨੂੰ ਇਸ ਬਾਰੇ ਲਿਖਿਆ ਵੀ ਸੀ ਪਰ ਉਨ੍ਹਾਂ ਤੋਂ ਹਾਲੇ ਤੱਕ ਪੰਜਾਬ ਨੂੰ ਟੀਕੇ ਨਹੀਂ ਮਿਲੇ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਕਈ ਵਾਰ ਪੰਜਾਬ ਨੂੰ ਕਰੋਨਾ ਵੈਕਸੀਨ ਅਤੇ ਆਕਸੀਜਨ ਸਿਲੰਡਰਾਂ ਦੀ ਜਲਦ ਸਪਲਾਈ ਕਰਨ ਦੀ ਅਪੀਲ ਕੀਤੀ ਹੈ ਪਰ ਕੇਂਦਰ ਸਰਕਾਰ ਵੱਲੋਂ ਇਸ ਗੱਲ ‘ਤੇ ਜ਼ਿਆਦਾ ਗੌਰ ਨਹੀਂ ਕੀਤਾ ਗਿਆ। ਹਾਲਾਂਕਿ, ਕੱਲ੍ਹ ਪੰਜਾਬ ਨੂੰ ਵਿਦੇਸ਼ੀ ਮਦਦ ਵਿੱਚੋਂ 2200 ਰੈਮਡੇਸੀਵਰ ਟੀਕੇ ਅਤੇ 100 ਆਕਸੀਜਨ ਕੰਸਨਟ੍ਰੇਟਰ ਮਿਲੇ ਹਨ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਹਾਲੇ ਹੋਰ ਵੀ ਮਦਦ ਦੀ ਲੋੜ ਹੈ।