India Punjab

DIG ਭੁੱਲਰ ਨੇ ‘ਸੇਵਾ ਪਾਣੀ’ ਦੇ ਨਾਂ ਤੇ ਮੰਗੀ ਰਿਸ਼ਵਤ, 8 ਲੱਖ ਦੀ ਡੀਲ ਦਾ ਆਡੀਓ ਸਬੂਤ ਆਇਆ ਸਾਹਮਣੇ

ਬਿਊਰੋ ਰਿਪੋਰਟ (16 ਅਕਤੂਬਰ, 2025): ਪੰਜਾਬ ਪੁਲਿਸ ਦੇ DIG ਹਰਚਰਨ ਭੁੱਲਰ ਖ਼ਿਲਾਫ਼ ਦਰਜ ਕੀਤੀ ਗਈ FIR ਦੀ ਕਾਪੀ ਸਾਹਮਣੇ ਆ ਗਈ ਹੈ। ਇਸ ਵਿੱਚ ਖ਼ੁਲਾਸਾ ਹੋਇਆ ਹੈ ਕਿ DIG ਭੁੱਲਰ ਨੇ ‘ਸੇਵਾ ਪਾਣੀ’ ਦੇ ਨਾਂ ’ਤੇ ਰਿਸ਼ਵਤ ਮੰਗੀ। ਉਸਨੇ ਆਪਣੇ ਵਿਚੋਲੇ ਨੂੰ ਵੱਟਸਐਪ ਕਾਲ ਕਰਕੇ ਕਿਹਾ, “8 ਫੜਨੇ ਨੇ 8, ਜਿੰਨੇ ਦਿੰਦਾ ਨਾਲ ਨਾਲ ਫੜੀ ਚੱਲ।”

CBI ਦੀ ਜਾਂਚ ’ਚ ਸਾਹਮਣੇ ਆਇਆ ਕਿ ਇਹ ਕਾਲ DIG ਭੁੱਲਰ ਦੇ ਨੰਬਰ ਤੋਂ ਕੀਤੀ ਗਈ ਸੀ। ਇਸ ਤੋਂ ਬਾਅਦ CBI ਨੇ ਪਹਿਲਾਂ ਵਿਚੋਲੇ ਤੇ ਫਿਰ DIG ਹਰਚਰਨ ਭੁੱਲਰ ਨੂੰ ਗ੍ਰਿਫ਼ਤਾਰ ਕਰ ਲਿਆ। CBI ਨੇ ਚੰਡੀਗੜ੍ਹ ’ਚ DIG ਦੀ ਕੋਠੀ ’ਤੇ ਛਾਪਾ ਮਾਰ ਕੇ ਤਿੰਨ ਬੈਗ ਅਤੇ ਇੱਕ ਅਟੈਚੀ ’ਚ ਭਰੇ 5 ਕਰੋੜ ਰੁਪਏ ਕੈਸ਼, ਮਹਿੰਗੀਆਂ ਕਾਰਾਂ ਅਤੇ ਸੋਨੇ-ਚਾਂਦੀ ਦੇ ਗਹਿਣੇ ਬਰਾਮਦ ਕੀਤੇ।

FIR ਮੁਤਾਬਕ, ਫਤਿਹਗੜ੍ਹ ਸਾਹਿਬ ਦੇ ਆਕਾਸ਼ ਬੱਤਾ ਨੇ 11 ਅਕਤੂਬਰ ਨੂੰ ਸ਼ਿਕਾਇਤ ਦਿੱਤੀ ਸੀ ਕਿ DIG ਨੇ ਆਪਣੇ ਵਿਚੋਲੇ ਕ੍ਰਿਸ਼ਨੂ ਰਾਹੀਂ ਰਿਸ਼ਵਤ ਮੰਗੀ ਹੈ। ਇਸ ਦੇ ਬਦਲੇ ਵਾਅਦਾ ਕੀਤਾ ਗਿਆ ਕਿ ਉਸਦੇ ਖ਼ਿਲਾਫ਼ 2023 ’ਚ ਦਰਜ FIR ਨੰਬਰ 155 ’ਚ ਕੋਈ ਕਾਰਵਾਈ ਨਹੀਂ ਹੋਵੇਗੀ ਅਤੇ ਉਹ ਆਪਣੇ ਸਕ੍ਰੈਪ ਕਾਰੋਬਾਰ ਨੂੰ ਆਸਾਨੀ ਨਾਲ ਚਲਾ ਸਕੇਗਾ।

ਬੱਤਾ ਨੇ ਕਿਹਾ ਕਿ DIG ਭੁੱਲਰ ਉਸ ਤੋਂ ਮਹੀਨਾਵਾਰ ਭੁਗਤਾਨ ਮੰਗ ਰਿਹਾ ਸੀ ਜਿਸਨੂੰ ਉਹ “ਸੇਵਾ ਪਾਣੀ” ਕਹਿੰਦਾ ਸੀ। ਉਸ ਨੂੰ ਧਮਕੀ ਦਿੱਤੀ ਗਈ ਕਿ ਜੇ ਪੈਸੇ ਨਾ ਦਿੱਤੇ ਗਏ ਤਾਂ ਉਸਨੂੰ ਝੂਠੇ ਕੇਸ ’ਚ ਫਸਾ ਦਿੱਤਾ ਜਾਵੇਗਾ।

ਜਾਂਚ ਦੌਰਾਨ DIG ਦੀ ਵਾਟਸਐਪ ਕਾਲ ਦਾ ਆਡੀਓ ਸਾਹਮਣੇ ਆਇਆ, ਜਿਸ ਵਿੱਚ ਉਹ ਵਿਚੋਲੇ ਨੂੰ ਕਹਿੰਦਾ ਹੈ- “8 ਫੜਨੇ ਨੇ 8, ਜਿੰਨੇ ਦਿੰਦਾ ਨਾਲ ਨਾਲ ਫੜੀ ਚਲ, ਓਹਨੂੰ ਕਹਿਦੇ 8 ਕਰ ਦੇਹ ਪੂਰਾ।” ਇਸ ਆਡੀਓ ਸਬੂਤ ਦੇ ਆਧਾਰ ’ਤੇ CBI ਨੇ DIG ਹਰਚਰਨ ਭੁੱਲਰ ਅਤੇ ਉਸ ਦੇ ਵਿਚੋਲੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।