‘ਦ ਖ਼ਾਲਸ ਬਿਊਰੋ : ਪਟਿਆਲਾ ਜ਼ਿਲ੍ਹੇ ਦੇ ਸੂਰਾਂ ਦੇ ਸੈਂਪਲਾਂ ਵਿਚ ਅਫਰੀਕਨ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ। ਪਟਿਆਲਾ ਤੋਂ ਭੇਜੇ ਗਏ ਸੂਰਾਂ ਦੇ ਸੈਂਪਲਾਂ ਵਿਚ ਅਫਰੀਕਨ ਸਵਾਈਨ ਫੀਵਰ ਦੀ ਪੁਸ਼ਟੀ ਹੋਣ ਤੋਂ ਬਾਅਦ ਪੰਜਾਬ ਨੂੰ ਕੰਟਰੋਲਡ ਖੇਤਰ ਐਲਾਨਿਆ ਗਿਆ ਹੈ। ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਅਨੁਸਾਰ ਕੌਮੀ ਉਚ ਰੱਖਿਆ ਪਸ਼ੂ ਰੋਗ ਸੰਸਥਾ ਭੋਪਾਲ ਵਲੋਂ ਆਈ ਸੈਂਪਲਾਂ ਦੀ ਰਿਪੋਰਟ ਤੋਂ ਬਾਅਦ ਜਾਨਵਰਾਂ ਵਿਚ ਛੂਤ ਦੀਆਂ ਬੀਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਐਕਟ 2009 ਦੇ ਅਨੁਸਾਰ ਪੰਜਾਬ ਨੂੰ ਕੰਟਰੋਲਡ ਖੇਤਰ ਐਲਾਨਿਆ ਗਿਆ ਹੈ।
ਜ਼ਿਲ੍ਹਾ ਪਟਿਆਲਾ ਦੇ ਪਿੰਡ ਬਿਲਾਸਪੁਰ ਅਤੇ ਸਨੌਰੀ ਅੱਡਾ ਪਟਿਆਲਾ ਦੇ ਖੇਤਰਾਂ ਨੂੰ ਇਸ ਬੀਮਾਰੀ ਦੇ ਕੇਂਦਰ ਵਜੋਂ ਨੋਟੀਫ਼ਾਈ ਕੀਤਾ ਹੈ। ਪਟਿਆਲਾ-ਚੀਕਾ ਰੋਡ, ਪਿੰਡ ਬਿਲਾਸਪੁਰ ਤੇ ਸਨੌਰੀ ਅੱਡਿਆਂ ਦੇ ਇਲਾਕਿਆਂ ਵਿਚ ਪਿਛਲੇ ਕੁਝ ਦਿਨਾਂ ਤੋਂ ਵੱਡੀ ਗਿਣਤੀ ਵਿਚ ਸੂਰਾਂ ਦੀ ਮੌਤ ਫੀਵਰ ਦੇ ਕਾਰਨ ਹੋ ਰਹੀ ਸੀ। ਹੁਣ ਤੱਕ 300 ਤੋਂ ਵਧ ਸੂਰਾਂ ਦੀ ਮੌਤ ਹੋ ਚੁੱਕੀ ਹੈ।
ਸੂਰਾਂ ਦੇ ਖੂਨ ਦੇ ਸਕੈਬ ਦੀ ਜਾਂਚ ਰਿਪੋਰਟ ਵਿਚ ਅਫਰੀਕਨ ਸਵਾਈਨ ਫਲੂ ਦਾ ਖੁਲਾਸਾ ਹੁੰਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਤੇ ਪਸ਼ੂ ਪਾਲਣ ਵਿਭਾਗ ਵਿਚ ਹੜਕੰਪ ਮਚ ਗਿਆ। ਇਸ ‘ਤੇ ਤੁਰੰਤ ਬੈਠਕ ਬੁਲਾਈ ਗਈ ਜਿਸ ਵਿਚ ਜ਼ਿਲ੍ਹੇ ਦੇ ਬਾਹਰ ਤੇ ਬਾਹਰ ਤੋਂ ਪਟਿਆਲਾ ਦੇ ਅੰਦਰ ਸੂਰਾਂ ਦੀ ਟਰਾਂਸਪੋਰਟੇਸ਼ਨ ‘ਤੇ ਰੋਕ ਲਗਾ ਦਿੱਤੀ ਗਈ ਹੈ। ਡੀਸੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਅੱਜ ਤੱਕ ਉਪਲੱਪਧ ਰਿਪੋਰਟ ਮੁਤਾਬਕ ਅਫਰੀਕਨ ਸਵਾਈਨ ਫਲੂ ਬੀਮਾਰੀ ਨਾਲ ਇਨਸਾਨਾਂ ਨੂੰ ਕੋਈ ਖਤਰਾ ਨਹੀਂ ਹੈ।
ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਵੱਲੋਂ “ਅਫ਼ਰੀਕਨ ਸਵਾਈਨ ਫ਼ੀਵਰ ਦੇ ਕੰਟਰੋਲ ਅਤੇ ਖ਼ਾਤਮੇ ਲਈ ਕੌਮੀ ਕਾਰਜ ਯੋਜਨਾ (ਜੂਨ 2020)” ਦੇ ਅਧਿਆਏ 7 ਅਤੇ 8 ਦੀ ਪਾਲਣਾ ਕਰਦੇ ਹੋਏ ਇਨ੍ਹਾਂ ਖੇਤਰਾਂ ਨੂੰ “ਇਨਫ਼ੈਕਟਿਡ ਜ਼ੋਨ” (ਬੀਮਾਰੀ ਦੇ ਕੇਂਦਰ ਦੇ ਆਲੇ-ਦੁਆਲੇ 0-1 ਕਿਲੋਮੀਟਰ ਖੇਤਰ) ਅਤੇ “ਸਰਵੀਲੈਂਸ ਜ਼ੋਨ” (ਬੀਮਾਰੀ ਦੇ ਕੇਂਦਰ ਦੇ ਆਲੇ ਦੁਆਲੇ 1-10 ਕਿਲੋਮੀਟਰ ਖੇਤਰ) ਐਲਾਨਿਆ ਗਿਆ ਹੈ।
ਮੰਤਰੀ ਨੇ ਨੋਟੀਫਿਕੇਸ਼ਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੋਈ ਵੀ ਜ਼ਿੰਦਾ/ਮਰਿਆ ਸੂਰ (ਜੰਗਲੀ ਸੂਰਾਂ ਸਮੇਤ), ਨਾਨ-ਪ੍ਰੋਸੈਸਡ ਸੂਰ ਦਾ ਮੀਟ, ਸੂਰ ਪਾਲਣ ਫਾਰਮ/ਬੈਕਯਾਰਡ ਸੂਰ ਪਾਲਣ ਤੋਂ ਕੋਈ ਵੀ ਫੀਡ ਜਾਂ ਸਮੱਗਰੀ/ਸਾਮਾਨ ਇਨਫ਼ੈਕਟਿਡ ਜ਼ੋਨ ਤੋਂ ਬਾਹਰ ਨਾ ਲਿਜਾਇਆ ਜਾਵੇਗਾ, ਨਾ ਹੀ ਜ਼ੋਨ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਸੂਚੀਬੱਧ ਬੀਮਾਰੀ ਨਾਲ ਸੰਕ੍ਰਮਿਤ ਕਿਸੇ ਵੀ ਸੂਰ ਜਾਂ ਸੂਰ ਉਤਪਾਦ ਨੂੰ ਮਾਰਕੀਟ ਵਿੱਚ ਨਹੀਂ ਲਿਆਵੇਗਾ ਅਤੇ ਨਾ ਹੀ ਲਿਆਉਣ ਦੀ ਕੋਸ਼ਿਸ਼ ਕਰੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਰ ਜਾਂ ਇਸ ਨਾਲ ਸਬੰਧਤ ਸਾਮਾਨ ਦੀ ਅੰਤਰ-ਰਾਜੀ ਆਵਾਜਾਈ ‘ਤੇ ਸਖ਼ਤੀ ਨਾਲ ਪਾਬੰਦੀ ਲਗਾਈ ਗਈ ਹੈ।