Punjab

‘ਗਲਤੀ ਕਰਨ ਵਾਲੇ ਨੂੰ ਨੋਟਿਸ ਨਹੀਂ ਬਾਹਰ ਕੱਢਿਆਂ ਜਾਵੇਗਾ’! ‘ਜੇਕਰ ਪਾਰਟੀ ਤੋਂ ਵੱਖ ਰੈਲੀ ਕਰਨੀ ਹੈ ਤਾਂ ਕਾਂਗਰਸ ਦਾ ਨਿਸ਼ਾਨ ਛੱਡੋ’ !

ਬਿਉਰੋ ਰਿਪੋਰਟ : ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਨੂੰ ਲੈਕੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡਾ ਬਿਆਨ ਦਿੱਤਾ ਹੈ । ਜਦੋਂ ਉਨ੍ਹਾਂ ਨੂੰ ਸਿੱਧੂ ਦੀਆਂ ਵੱਖ ਤੋਂ ਹੋ ਰਹੀਆਂ ਰੈਲੀਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਬਿਨਾਂ ਸਿੱਧੂ ਦਾ ਨਾਂ ਲਏ ਕਿਹਾ ਜਿਹੜਾ ਗਲਤੀ ਕਰ ਰਿਹਾ ਹੈ ਉਸਨੂੰ ਕੱਢ ਕੇ ਬਾਹਰ ਮਾਰਾਂਗੇ । ਪਾਰਟੀ ਨੂੰ ਖਰਾਬ ਕਰਨ ਵਾਲੇ ਨੂੰ ਨੋਟਿਸ ਨਹੀਂ ਦਿੱਤਾ ਜਾਵੇਗਾ ਬਲਕਿ ਪਾਰਟੀ ਤੋਂ ਬਾਹਰ ਕੱਢਾਂਗੇ । ਵੜਿੰਗ ਨੇ ਕਿਹਾ ਜਿੰਨੇ ਆਪਣੀ ਇਕੱਲੀ ਰੈਲੀ ਕਰਨੀ ਹੈ ਉਹ ਬਿਨਾਂ ਕਾਂਗਰਸ ਦੇ ਨਿਸ਼ਾਨ ‘ਤੇ ਕਰ ਲਏ। ਵੜਿੰਗ ਨੇ ਕਿਹਾ ਕਿ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਿਹਾ ਹੈ ਕਿ ਜਦੋਂ ਤੱਕ ਕੋਈ ਵੀ ਆਦਮੀ ਪਾਰਟੀ ਵਿੱਚ ਹੈ,ਉਹ ਆਪਣੇ ਨਿੱਜੀ ਵਿਚਾਰ ਨਹੀਂ ਰੱਖ ਸਕਦਾ ਹੈ । ਜੇਕਰ ਕਿਸੇ ਨੇ ਨਿੱਜੀ ਵਿਚਾਰ ਰੱਖਣੇ ਹਨ ਤਾਂ ਪਾਰਟੀ ਤੋਂ ਪਾਸੇ ਹੋਕੇ ਵਿਚਾਰ ਰੱਖ ਲਏ । 2 ਦਿਨ ਪਹਿਲਾਂ ਰਾਜਾ ਵੜਿੰਗ ਨੇ ਕਿਹਾ ਸੀ ਕਿ ਉਨ੍ਹਾਂ ਨੇ ਹਾਈਕਮਾਨ ਨੂੰ ਦੱਸਿਆ ਹੈ ਕਿ ਮੋਗਾ ਰੈਲੀ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਨਵਜੋਤ ਸਿੰਘ ਸਿੱਧੂ ਨੇ ਕੀਤੀ ਹੈ । ਮੋਗਾ ਤੋਂ ਪਾਰਟੀ ਦੀ ਉਮੀਦਵਾਰ ਰਹੀ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵੀਕਾ ਸੂਦ ਨੇ ਵੀ ਸਿੱਧੂ ਦੀ ਰੈਲੀ ਨੂੰ ਲੈਕੇ ਸਖਤ ਇਤਰਾਜ਼ ਕੀਤਾ ਸੀ। ਉਨ੍ਹਾਂ ਨੇ ਇਲਜ਼ਾਮ ਲਗਾਇਆ ਸੀ ਜਿਸ ਸਖਸ ਨੇ 2022 ਵਿੱਚ ਮੈਨੂੰ ਹਰਾਉਣ ਦਾ ਕੰਮ ਕੀਤਾ ਹੈ ਉਸੇ ਨੂੰ ਹੀ ਸਿੱਧੂ ਨੇ ਰੈਲੀ ਦੀ ਜ਼ਿੰਮੇਵਾਰੀ ਸੌਂਪੀ ਹੈ ।

ਪਟਿਆਲਾ ਮੀਟਿੰਗ ਵਿੱਚ ਨਹੀਂ ਸੱਦਿਆ

ਪੰਜਾਬ ਕਾਂਗਰਸ ਦੇ ਇੰਚਾਰਜ ਦਵੇਂਦਰ ਯਾਦਵ ਮੰਗਲਵਾਰ 23 ਜਨਵਰੀ ਤੋਂ ਲੋਕਸਭਾ ਹਲਕਿਆਂ ਵਿੱਚ ਉਮੀਦਵਾਰਾਂ ਦੀ ਚੋਣ ਲਈ ਪਾਰਟੀ ਦੇ ਵਰਕਰਾਂ ਨਾਲ ਚਰਚਾ ਕਰ ਰਹੇ ਹਨ। ਪਟਿਆਲਾ ਵਿੱਚ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਮੌਕੇ ਸੂਬਾ ਪਾਰਟੀ ਪ੍ਰਧਾਨ ਰਾਜਾ ਵੜਿੰਗ,ਆਗੂ ਵਿਰੋਧੀ ਧਿਰ ਪ੍ਰਤਾਪ ਬਾਜਵਾ ਵਰਕਿੰਗ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਵੀ ਉਨ੍ਹਾਂ ਦੇ ਨਾਲ ਹਨ । ਪਰ ਨਵਜੋਤ ਸਿੰਘ ਸਿੱਧੂ ਨੂੰ ਇਸ ਦੇ ਲਈ ਸੱਦਾ ਨਹੀਂ ਦਿੱਤਾ ਗਿਆ ਹੈ । ਇਸ ਤੋਂ 2 ਇਸ਼ਾਰੇ ਮਿਲ ਦੇ ਹਨ ਪਹਿਲਾਂ ਕਿ ਪਾਰਟੀ ਅਨੁਸ਼ਾਨਸ ਨੂੰ ਲੈਕੇ ਸਿੱਧੂ ਨੂੰ ਸਖਤ ਸੁਨੇਹਾ ਚਾਹੁੰਦੀ ਹੈ,ਦੂਜਾ ਸਿੱਧੂ ਦੇ ਵਿਰੋਧੀ ਧਿਰ ਨੂੰ ਹਾਈਕਮਾਨ ਜ਼ਿਆਦਾ ਤਵਜੋ ਦੇ ਰਹੀ ਹੈ।

ਪਰਨੀਤ ਕੌਰ ਕਾਂਗਰਸ ਦੀ ਟਿਕਟ ਤੋਂ 3 ਵਾਰ ਪਟਿਆਲਾ ਹਲਕੇ ਤੋਂ ਚੋਣ ਜਿੱਤ ਚੁੱਕੇ ਹਨ । ਪਰ ਕੈਪਟਨ ਅਮਰਿੰਦਰ ਸਿੰਘ ਦੇ ਬੀਜੇਪੀ ਵਿੱਚ ਜਾਣ ਤੋਂ ਬਾਅਦ ਉਨ੍ਹਾਂ ਖਿਲਾਫ ਵੀ ਪਾਰਟੀ ਨੇ ਐਕਸ਼ਨ ਲਿਆ ਸੀ । ਮੰਨਿਆ ਜਾ ਰਿਹਾ ਹੈ ਕਿ ਬੀਜੇਪੀ ਦੀ ਟਿਕਟ ‘ਤੇ ਇਸ ਵਾਰ ਧੀ ਜੈਇੰਦਰ ਦਾਅਵੇਦਾਰੀ ਪੇਸ਼ ਕਰ ਸਕਦੀ ਹੈ। ਅਜਿਹੇ ਵਿੱਚ ਕਾਂਗਰਸ ਇਸ ਹਲਕੇ ਤੋਂ ਮਜ਼ਬੂਤ ਉਮੀਦਵਾਰ ਦੀ ਤਲਾਸ਼ ਕਰ ਰਹੀ ਹੈ । ਪਹਿਲਾਂ ਚਰਚਾਵਾਂ ਸਨ ਕਿ ਮਿਸਿਜ ਨਵਜੋਤ ਕੌਰ ਸਿੱਧੂ ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਹੋ ਸਕਦੀ ਹੈ । ਪਰ ਸਿੱਧੂ ਨੇ 3 ਦਿਨ ਪਹਿਲਾਂ ਆਪ ਇਸ ਤੋਂ ਇਨਕਾਰ ਕਰਦੇ ਹੋਏ ਕਿਹਾ ਉਹ ਫਿਲਹਾਲ ਕੈਂਸਰ ਨਾਲ ਲੜਾਈ ਲੜ ਰਹੀ ਹਨ,ਚੋਣ ਲੜਨ ਦਾ ਕੋਈ ਇਰਾਦਾ ਨਹੀਂ ਹੈ ।