ਬਿਉਰੋ ਰਿਪੋਰਟ : 2024 ਦੀਆਂ ਲੋਕਸਭਾ ਚੋਣਾਂ ਵਿੱਚ ਪੰਜਾਬ ਦੇ ਓਪੀਨੀਅਨ ਪੋਲ ਦੌਰਾਨ ਕਾਂਗਰਸ ਨੂੰ ਭਾਵੇਂ ਮਜ਼ਬੂਤ ਵਿਖਾਇਆ ਜਾ ਰਿਹਾ ਹੈ ਪਰ ਉਸ ਦੇ ਆਗੂ ਲਗਾਤਾਰ ਪਾਲਾ ਬਦਲ ਰਹੇ ਹਨ। ਇੱਕ ਹਫਤੇ ਦੇ ਅੰਦਰ ਦੂਜੇ ਵੱਡੇ ਆਗੂ ਨੇ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਟਿਕਟ ਦਾ ਦਾਅਵੇਦਾਰ ਬਣ ਗਿਆ ਹੈ । ਚੱਬੇਵਾਲ ਤੋਂ ਲਗਾਤਾਰ 2 ਵਾਰ ਦੇ ਜੇਤੂ ਵਿਧਾਇਕ ਰਾਜਕੁਮਾਰ ਚੱਬੇਵਾਲ ਵਿਧਾਇਕੀ ਅਤੇ ਕਾਂਗਰਸ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ । ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਆਪ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ । ਹੁਣ ਇਹ ਗੱਲ ਤੈਅ ਹੈ ਕਿ ਉਨ੍ਹਾਂ ਨੂੰ ਪਾਰਟੀ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾਏਗੀ । ਪਰ ਹੈਰਾਨੀ ਦੀ ਗੱਲ ਇਹ ਹੈ ਕਿ ਚੱਬੇਵਾਲ ਠੀਕ 10 ਦਿਨ ਪਹਿਲਾਂ ਆਪਣੇ ਸਿਰ ‘ਤੇ ਕਰਜ਼ੇ ਦੀ ਪੰਡ ਚੁੱਕ ਕੇ ਵਿਧਾਨਸਭਾ ਦੇ ਬਜਟ ਇਜਲਾਸ ਵਿੱਚ ਦਾਖਲ ਹੋ ਕੇ ਆਮ ਆਦਮੀ ਪਾਰਟੀ ‘ਤੇ ਗੰਭੀਰ ਇਲਜ਼ਾਮ ਲੱਗਾ ਰਹੇ ਸਨ । ਸਿਰਫ਼ ਇੰਨਾਂ ਹੀ ਨਹੀਂ ਉਹ ਸੰਗਲ ਪਾਕੇ ਪੰਜਾਬ ਵਿਧਾਨਸਭਾ ਵਿੱਚ ਆਏ ਸਨ ਅਤੇ ਕਾਨੂੰਨੀ ਹਾਲਾਤਾਂ ਨੂੰ ਲੈਕੇ ਸਰਕਾਰ ਨੂੰ ਘੇਰਿਆ ਸੀ । ਆਮ ਆਦਮੀ ਪਾਰਟ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਰਾਜਕੁਮਾਰ ਚੱਬੇਵਾਲ ਨੇ ਇਸ ਦਾ ਜਵਾਬ ਦਿੱਤਾ ।
ਚੱਬੇਵਾਲ ਨੇ ਕਿਹਾ ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਉਨ੍ਹਾਂ ਦਾ ਫਰਜ਼ ਸੀ ਕਿ ਉਹ ਸੂਬੇ ਦੇ ਹਾਲਾਤਾਂ ਬਾਰੇ ਮੁੱਖ ਮੰਤਰੀ ਨੂੰ ਦੱਸਣ। ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਯਕੀਨ ਦਿਵਾਇਆ ਕਿ ਅਸੀਂ ਇਸ ‘ਤੇ ਕੰਮ ਕਰ ਰਹੇ ਹਾਂ। ਚੱਬੇਵਾਲ ਨੇ ਇਹ ਵੀ ਜਵਾਬ ਦਿੱਤਾ ਕਿ ਇਹ ਫੈਸਲਾ ਰਾਤੋ ਰਾਤ ਨਹੀਂ ਹੋਇਆ ਹੈ ਬਲਕਿ 2 ਸਾਲ ਦੇ ਕੰਮਾਂ ਨੂੰ ਵੇਖਣ ਤੋਂ ਬਾਅਦ ਕੀਤਾ ਗਿਆ ਹੈ । ਜਿਸ ਵਿੱਚ ਮੁਹੱਲਾ ਕਲੀਨਿਕ, 58 ਲਾਅ ਅਫਸਰਾਂ ਦੀ ਨਿਯੁਕਤੀ,ਸਕੂਲ ਸਿੱਖਿਆ ਅਹਿਮ ਹੈ। ਉਧਰ ਰਾਜਕੁਮਾਰ ਚੱਬੇਵਾਲ ਦੇ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਆਪ ਦੇ ਆਗੂ ਵੀ ਉਨ੍ਹਾਂ ਦੀ ਤਰੀਫਾ ਦੇ ਪੁੱਲ ਬੰਨ੍ਹ ਰਹੇ ਹਨ ।
2019 ਵਿੱਚ ਰਾਜਕੁਮਾਰ ਚੱਬੇਵਾਲ ਨੇ ਕਾਂਗਰਸ ਦੀ ਟਿਕਟ ‘ਤੇ ਲੋਕਸਭਾ ਚੋਣ ਲੜੀ ਸੀ,ਬੀਜੇਪੀ ਦੇ ਉਮੀਦਵਾਰ ਸੋਮ ਪ੍ਰਕਾਸ਼ ਜਿੱਤੇ ਸਨ ਪਰ ਉਹ ਕੁਝ ਹੀ ਵੋਟਾਂ ਦੇ ਫਰਕ ਦੇ ਨਾਲ ਦੂਜੇ ਨੰਬਰ ‘ਤੇ ਰਹੇ ਸਨ। ਆਮ ਆਦਮੀ ਪਾਰਟੀ ਨੇ ਲੋਕਸਭਾ ਚੋਣਾ ਜਿੱਤਣ ਦੇ ਲਈ ਇੱਕ ਵਾਰ ਮੁੜ ਤੋਂ ਕਾਂਗਰਸ ਦੇ ਆਗੂ ਦਾ ਸਹਾਰਾ ਲਿਆ ਹੈ । ਪਿਛਲੇ ਸਾਲ ਜਲੰਧਰ ਤੋਂ ਜ਼ਿਮਨੀ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੇ ਚੋਣ ਜਿੱਤੀ ਵੀ ਸੀ ਇਸੇ ਲਈ ਪਾਰਟੀ ਨੇ ਮੁੜ ਤੋਂ ਜਲੰਧਰ ਤੋਂ ਆਪਣਾ ਉਮੀਦਵਾਰ ਬਣਾਇਆ ਹੈ ।
ਪਿਛਲੇ ਹਫਤੇ ਬੱਸੀ ਪਠਾਣਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ । 4 ਦਿਨ ਬਾਅਦ ਉਨ੍ਹਾਂ ਦਾ ਉਮੀਦਵਾਰਾਂ ਦੀ ਪਹਿਲੀ ਲਿਸਟ ਵਿੱਚ ਨਾਂ ਆ ਗਿਆ ਉਨ੍ਹਾਂ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਦੀ ਸੀਟ ਤੋਂ ਉਮੀਦਵਾਰ ਬਣਾਇਆ ਹੈ । ਖਾਸ ਗੱਲ ਇਹ ਹੈ ਕਿ ਕਾਂਗਰਸ ਤੋਂ ਆਪ ਵਿੱਚ ਆਏ ਤਿੰਨੋ ਉਮੀਦਵਾਰ ਪੰਜਾਬ ਦੀ 4 ਵਿੱਚੋਂ 3 SC ਸੀਟ ਦੇ ਦਾਅਵੇਦਾਰੀ ਠੋਕਣਗੇ ।