ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਪਹਿਲਾਂ ਹੀ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ
‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਵਿੱਚ ਬੀਜੇਪੀ ਵੱਲੋਂ ਸੰਨ੍ਹ ਮਾਰਨਾ ਜਾਰੀ ਹੈ। ਮੁਹਾਲੀ ਦੇ ਡਿਪਟੀ ਅਤੇ ਸੀਨੀਅਰ ਡਿਪਟੀ ਮੇਅਰ ਦੇ ਬਾਗ਼ੀ ਸੁਰਾਂ ਤੋਂ ਬਾਅਦ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਦੋਵਾਂ ਨੂੰ ਪਾਰਟੀ ਤੋਂ 6 ਸਾਲਾਂ ਦੇ ਲਈ ਕੱਢ ਦਿੱਤਾ ਹੈ। ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਬੀਜੇਪੀ ਵਿੱਚ ਸ਼ਾਮਲ ਹੋਏ ਕਾਂਗਰਸ ਦੇ ਸਾਬਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਦਾ ਨਾਂ ਖ਼ਾਸ ਮੰਨਿਆ ਜਾਂਦਾ ਹੈ। ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਪਹਿਲਾਂ ਹੀ ਆਪਣੇ ਭਰਾ ਬਲਬੀਰ ਸਿੱਧੂ ਦੇ ਨਾਲ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ। ਇਸ ਦੇ ਬਾਵਜੂਦ ਡਿਪਟੀ ਅਤੇ ਸੀਨਿਅਰ ਡਿਪਟੀ ਮੇਅਰ ਨੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਹਿਮਾਇਤ ਕਰਨ ਦਾ ਐਲਾਨ ਕੀਤਾ ਸੀ, ਉਨ੍ਹਾਂ ਨੇ ਪਾਰਟੀ ਨੂੰ ਚਿਤਾਵਨੀ ਦਿੱਤੀ ਸੀ ਕਿ ਭਾਵੇਂ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਜਾਵੇ ਪਰ ਉਹ ਮੇਅਰ ਅਮਰਜੀਤ ਸਿੰਘ ਦੇ ਚੰਗੇ ਕੰਮਾਂ ਵਿੱਚ ਸਾਥ ਜ਼ਰੂਰ ਦੇਣਗੇ। ਮੁਹਾਲੀ ਨਗਰ ਨਿਗਮ ਬਣਨ ਤੋਂ ਬਾਅਦ 2020 ਵਿੱਚ ਪਹਿਲੀ ਵਾਰ ਕਾਂਗਰਸ ਨੇ ਇਸ ‘ਤੇ ਕਬਜ਼ਾ ਕੀਤਾ ਸੀ।
ਮੋਹਾਲੀ ਨਗਰ ਨਿਗਮ ਵਿੱਚ 50 ਵਾਰਡ
ਮੁਹਾਲੀ ਨਗਰ ਨਿਗਮ ਅਧੀਨ 50 ਵਾਰਡ ਹਨ। ਦੋ ਸਾਲ ਪਹਿਲਾਂ 37 ਕੌਂਸਲਰਾਂ ਨਾਲ ਕਾਂਗਰਸ ਨੇ ਜ਼ਬਰਦਸਤ ਜਿੱਤ ਹਾਸਲ ਕੀਤੀ ਸੀ ਜਦਕਿ 13 ਸੀਟਾਂ ਆਜ਼ਾਦ ਉਮੀਦਵਾਰਾਂ ਨੂੰ ਮਿਲੀਆਂ ਸਨ। ਮੁਹਾਲੀ ਵਿੱਚ ਜ਼ਬਰਦਸਤ ਜਿੱਤ ਤੋਂ ਬਾਅਦ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਰੀਬੀ ਬਲਬੀਰ ਸਿੱਧੂ ਦੇ ਭਰਾ ਅਮਰਜੀਤ ਸਿੰਘ ਨੂੰ ਮੁਹਾਲੀ ਦੇ ਮੇਅਰ ਦੀ ਜ਼ਿੰਮੇਵਾਰੀ ਸੌਂਪੀ ਸੀ। ਮੁਹਾਲੀ ਬਲਬੀਰ ਸਿੱਧੂ ਦਾ ਗੜ੍ਹ ਹੈ ਅਤੇ ਉਹ 3 ਵਾਰ ਲਗਾਤਰ ਵਿਧਾਇਕ ਬਣੇ ਸਨ। ਇਸ ਲਈ ਹੁਣ ਜਦੋਂ ਉਹ ਬੀਜੇਪੀ ਵਿੱਚ ਸ਼ਾਮਲ ਹੋ ਗਏ ਤਾਂ ਇਹ ਕਿਆਸ ਲੱਗ ਰਹੇ ਸਨ ਕਿ ਮੁਹਾਲੀ ਨਗਰ ਨਿਗਮ ਵੀ ਉਨ੍ਹਾਂ ਦੇ ਕਬਜ਼ੇ ਵਿੱਚ ਹੀ ਰਹੇਗਾ। ਹੁਣ ਇਹ ਸੱਚ ਸਾਬਿਤ ਵੀ ਹੋ ਰਿਹਾ ਹੈ, ਡਿਪਟੀ ਅਤੇ ਸੀਨੀਅਰ ਡਿਪਟੀ ਮੇਅਰ ਨੇ ਕਾਰਵਾਈ ਦੀ ਪਰਵਾਹ ਕੀਤੇ ਬਗੈਰ ਬਲਬੀਰ ਸਿੱਧੂ ਦਾ ਸਾਥ ਦੇਣ ਦਾ ਐਲਾਨ ਕੀਤਾ ਸੀ। ਦੋ ਸਾਲ ਪਹਿਲਾਂ ਜਦੋਂ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਸਨ ਤਾਂ 7 ਨਿਗਮਾਂ ‘ਤੇ ਕਾਂਗਰਸ ਦੇ ਮੇਅਰ ਬਣੇ ਸਨ। ਹੁਣ ਮੁਹਾਲੀ ਵਿੱਚ ਜਿਸ ਤਰ੍ਹਾਂ ਕਾਂਗਰਸ ਵਿੱਚ ਬਗਾਵਤ ਵੇਖੀ ਗਈ ਹੈ ਉਸ ਦਾ ਅਸਰ ਹੋਰ ਨਗਰ ਨਿਗਮਾਂ ਉੱਤੇ ਵੀ ਵੇਖਣ ਨੂੰ ਮਿਲ ਸਕਦਾ ਹੈ।