Punjab

ਪੰਜਾਬ ਕਾਂਗਰਸ ਨੇ ਕੀਤੀ ਭਗਵੰਤ ਮਾਨ ਦੀ ਚੁਣੌਤੀ ਸਵੀਕਾਰ, ਕਿਹਾ ਤੁਸੀਂ ਅਕਸਰ ਮੁੱਦੇ ਤੋਂ ਧਿਆਨ ਭਟਕਾਉਣ ਵਾਸਤੇ ਇਸ ਤਰ੍ਹਾਂ ਦੀ ਚਰਚਾ ਛੇੜ ਦਿੰਦੇ ਹੋ”

Punjab Congress accepted the challenge of Bhagwant Maan

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ, ਅਕਾਲੀ ਦਲ ਤੇ ਬੀਜੇਪੀ ਦੇ ਪ੍ਰਧਾਨ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਮਾਨ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ , ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਰਾਜਾ ਵੜਿੰਗ-ਪ੍ਰਤਾਪ ਸਿੰਘ ਬਾਜਵਾ ਨੂੰ ਬਹਿਸ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ।

ਮੁੱਖ ਮੰਤਰੀ ਮਾਨ ਦੀ ਇਸ ਚੁਣੌਤੀ ਨੂੰ ਪੰਜਾਬ ਕਾਂਗਰਸ ਨੇ ਸਵੀਕਾਰ ਕੀਤਾ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ  ਇਹ ਬਹਿਸ ਸਰਕਾਰੀ ਇਮਾਰਤ (ਵਿਧਾਨ ਸਭਾ) ਵਿੱਚ ਨਹੀਂ ਬਲਕਿ ਕਿਸੇ ਸਾਂਝੀ ਆਮ ਜਗ੍ਹਾ ‘ਤੇ ਹੋਣੀ ਚਾਹੀਦੀ ਹੈ। ਇੱਕ ਟਵੀਟ ਕਰਦਿਆਂ ਬਾਜਵਾ ਨੇ ਕਿਹਾ ਕਿ

ਭਗਵੰਤ ਮਾਨ ਤੁਹਾਡੇ ਵੱਲੋਂ ਕੀਤਾ ਚੈਲੇਂਜ ਮੈਨੂੰ ਮਨਜ਼ੂਰ ਹੈ।

ਇਹ ਬਹਿਸ ਸਰਕਾਰੀ ਇਮਾਰਤ (ਵਿਧਾਨ ਸਭਾ) ਵਿੱਚ ਨਹੀਂ ਬਲਕਿ ਕਿਸੇ ਸਾਂਝੀ ਆਮ ਜਗ੍ਹਾ ‘ਤੇ ਹੋਣੀ ਚਾਹੀਦੀ ਹੈ। ਬਹਿਸ ਦੀ ਅਗਵਾਈ ਦੇਸ਼ ਦੀ ਮਾਣਯੋਗ ਸੁਪਰੀਮ ਕੋਰਟ ਦਾ ਕੋਈ ਰਿਟਾਇਰ ਜੱਜ ਜਾਂ ਜਿਹੜੀ ਸ਼ਖ਼ਸੀਅਤ ‘ਤੇ 4 ਸਿਆਸੀ ਧਿਰਾਂ ਸਹਿਮਤੀ ਪ੍ਰਗਟ ਕਰਨ ਦੇ ਦੁਆਰਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਯਕੀਨੀ ਬਣਾਉ ਕਿ ਇਸ ਬਹਿਸ ਨੂੰ ਮੀਡੀਆ ਦਾ ਹਰ ਚੈਨਲ ਕਵਰ ਕਰੇਗਾ ਅਤੇ ਵਿਧਾਨ ਸਭਾ ਸੈਸ਼ਨ ਵਾਂਗ ਕੇਜੀ ਮੀਡੀਆ ਦਾ ਕੈਮਰਿਆਂ ‘ਤੇ ਕੰਟਰੋਲ ਨਹੀਂ ਹੋਵੇਗਾ।

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਮਾਨ ਦੀ ਇਸ ਚੁਣੌਤੀ ਦਾ ਜਵਾਬ ਦਿੰਦਿਆਂ ਕੁਝ ਸਵਾਲ ਕੀਤੇ ਹਨ। ਵੜਿੰਗ ਨੇ ਟਵੀਟ ਕਰਕੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ, ਪਿਛਲੇ ਡੇਢ ਸਾਲ ਵਿੱਚ ਜਦੋਂ ਜਦੋਂ ਵੀ ਤੁਹਾਡੇ ਤੋਂ ਕੋਈ ਸਵਾਲ ਪੁੱਛਿਆ ਗਿਆ ਹੈ ਜਾਂ ਕੋਈ ਸਲਾਹ ਦਿੱਤੀ ਗਈ ਹੈ, ਤੁਸੀਂ ਅਕਸਰ ਮੁੱਦੇ ਤੋਂ ਧਿਆਨ ਭਟਕਾਉਣ ਵਾਸਤੇ ਇਸ ਤਰ੍ਹਾਂ ਦੀ ਚਰਚਾ ਛੇੜ ਦਿੰਦੇ ਹੋ। ਵੜਿੰਗ ਨੇ ਕਿਹਾ ਕਿ ਚੰਗਾ ਹੁੰਦਾ ਜੇਕਰ ਤੁਸੀਂ SYL ਦੇ ਮੁੱਦੇ ‘ਤੇ ਚਰਚਾ ਕਰਨ ਲਈ ਸਾਰੀਆਂ ਪਾਰਟੀਆਂ ਦੇ ਲੀਡਰ ਸਾਹਿਬਾਨਾਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਨਾਲ ਇਕ ਸਾਰਥਕ ਚਰਚਾ ਕਰਦੇ।

ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿੱਚ ਵੈਸੇ ਤਾਂ ਵਿਰੋਧੀ ਧਿਰ ਅਤੇ ਜਨਤਾ ਸੱਤਾਧਾਰੀ ਸਰਕਾਰ ਤੋਂ ਸਵਾਲ ਪੁੱਛਦੀ ਹੈ ਪਰ ਤੁਹਾਡੀ ਸਰਕਾਰ ‘ਬਦਲਾਅ’ ਦੀ ਸਰਕਾਰ ਹੈ, ਇਸ ਕਰਕੇ ਤੁਸੀਂ ਸਵਾਲ ਵਿਰੋਧੀਆਂ ਨੂੰ ਪੁੱਛਦੇ ਹੋ। ਮਾਨ ਸਾਹਿਬ! ਬਹਿਸ ਨੂੰ ਸਾਰਥਕ ਬਣਾਉਣ ਲਈ ਅਤੇ ਸੂਬੇ ਦੀ ਸਹੀ ਸਤਿਥੀ ਲੋਕਾਂ ਸਾਮ੍ਹਣੇ ਜਨਤਕ ਕਰਨ ਲਈ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਹੇਠ ਲਿਖੇ ਸਵਾਲਾਂ ਦੇ ਜਵਾਬ ਪੰਜਾਬ ਦੇ ਲੋਕਾਂ ਨੂੰ ਉਪਲਬਧ ਕਰਾਓ:-

  1. ਪੰਜਾਬ ਵਿੱਚ ਅਪਰਾਧਿਕ ਮਾਮਲੇ ਡੇਢ ਸਾਲ ਵਿੱਚ ਕਿਸ ਦਰ ਨਾਲ ਵਧੇ ਹਨ?
  2. ਪੰਜਾਬ ਵਿੱਚ ਨਸ਼ਿਆਂ ਵਿੱਚ ਕਿੰਨਾ ਵਾਧਾ ਹੋਇਆ ਹੈ ਅਤੇ ਸਾਡੇ ਕਿੰਨੇ ਨੌਜਵਾਨਾਂ ਦੀਆਂ ਮੌਤਾਂ ਨਸ਼ਿਆਂ ਨਾਲ ਹੋਈਆਂ ਹਨ।
  3. ਪੰਜਾਬ ਦੇ ਕਰਜ਼ੇ ਵਿਚ ਕਿੰਨਾ ਵਾਧਾ ਹੋਇਆ ਹੈ?
  4. ਪੰਜਾਬ ਵਿੱਚ ਪਿਛਲੇ ਡੇਢ ਸਾਲ ਦੌਰਾਨ ਕਿੰਨੇ ਕਿਸਾਨਾਂ ਨੇ ਖੁਦਕਸ਼ੀਆਂ ਕੀਤੀਆਂ ਹਨ?
  5. ਤੁਹਾਡੇ ਕਾਰਜਕਾਲ ਦੌਰਾਨ ਤੁਸੀਂ ਕਿਹੜੇ ਕਿਹੜੇ ਵਿਭਾਗਾਂ ਵਿਚ ਇਸ਼ਤਿਹਾਰ ਦੇ ਕੇ ਨਵੀਂ ਭਰਤੀ ਕੀਤੀ ਹੈ।
  6. ਪੰਜਾਬ ਦੇ ਖਜ਼ਾਨੇ ਵਿੱਚੋਂ ਕਿੰਨਾ ਪੈਸਾ ਤੁਸੀਂ ਮਸ਼ਹੂਰੀਆਂ ‘ਤੇ ਲਗਾਇਆ ਹੈ?
  7. ਤੁਸੀਂ ਹੜ੍ਹ ਪੀੜਤਾਂ ਨੂੰ ਕੁੱਲ ਕਿੰਨੇ ਪੈਸੇ ਦਿੱਤੇ ਹਨ? ਪ੍ਰਤੀ ਏਕੜ ਕਿਸਾਨਾਂ ਨੂੰ ਕਿੰਨਾ ਮੁਆਵਜ਼ਾ ਦਿੱਤਾ ਹੈ?

ਇਹਨਾਂ ਤੱਥਾਂ ਨੂੰ ਜਨਤਕ ਕਰਨ ਤੋਂ ਬਾਅਦ ਅਸੀਂ ਤੁਹਾਡੇ ਇਹ ਪ੍ਰਸਤਾਵ ਸਵੀਕਾਰ ਕਰਦੇ ਹਾਂ। ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਪ੍ਰਧਾਨ  ਸੁਨੀਲ ਜਾਖੜ ਨੇ ਮਾਨ ਨੇ ਇਸ  ਬਿਆਨ ਦਾ ਜਵਾਬ ਦਿੱਤਾ ਸੀ। ਜਾਖੜ ਨੇ ਕਿਹਾ ਸੀ ਕਿ ਅਸੀਂ ਹਰ ਬਹਿਸ ਕਨ ਲਈ ਹਰ ਸਮੇਂ ਤਿਆਰ ਹਾਂ। ਜਾਖੜ ਨੇ ਮੁੱਖ ਮੰਤਰੀ ਮਾਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਤੁਸੀਂ ਪੰਜਾਬ ਦੇ ਪਾਣੀਆਂ ਦੇ ਗੰਭੀਰ ਮੁੱਦੇ ‘ਤੇ ਗੋਡੇ ਕਿਉਂ ਟੇਕੇ।

ਦੱਸ ਦਈਏ ਕਿ ਅੱਜ ਮੁੱਖ ਮੰਤਰੀ ਮਾਨ ਨੇ ਅੱਜ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਦੇ ਸੂਬਾ ਪ੍ਰਧਾਨਾਂ ਨੂੰ ਰੋਜ਼ਾਨਾ ਝਗੜੇ ਦੀ ਬਜਾਏ ਲਾਈਵ ਬਹਿਸ ਕਰਨ ਲਈ ਕਿਹਾ ਹੈ। ਮਾਨ ਨੇ ਟਵੀਟ ਕਰਦਿਆਂ ਕਿਹਾ ਸੀ ਕਿ ‘ਭਾਜਪਾ ਪ੍ਰਧਾਨ ਜਾਖੜ ਜੀ , ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਰਾਜਾ ਵੜਿੰਗ-ਪ੍ਰਤਾਪ ਬਾਜਵਾ ਜੀ ਨੂੰ ਮੇਰਾ ਖੁੱਲਾ ਸੱਦਾ ਹੈ ਕਿ ਰੋਜ਼-ਰੋਜ਼ ਦੀ ਕਿਚ ਕਿਚ ਨਾਲੋਂ ਆਜੋ ਆਪਾਂ ਪੰਜਾਬੀਆਂ ਅਤੇ ਮੀਡੀਆ ਸਾਹਮਣੇ ਬੈਠ ਕੇ ਪੰਜਾਬ ਨੂੰ ਹੁਣ ਤੱਕ ਕੀਹਨੇ ਕਿਵੇਂ ਲੁੱਟਿਆ, ਭਾਈ-ਭਤੀਜੇ ਸਾਲੇ-ਜੀਜੇ, ਮਿੱਤਰ ਮੁਲਾਹਜ਼ੇ, ਟੋਲ ਪਲਾਜੇ, ਜਵਾਨੀ ਕਿਸਾਨੀ, ਵਪਾਰ-ਦੁਕਨਦਾਰ, ਗੁਰੂਆਂ ਦੀ ਬਾਣੀ, ਨਹਿਰਾਂ ਦਾ ਪਾਣੀ.. ਸਾਰੇ ਮੁੱਦਿਆਂ ਉਤੇ ਲਾਈਵ ਬਹਿਸ ਕਰੀਏ..।

ਤੁਸੀਂ ਆਪਣੇ ਨਾਲ ਕਾਗਜ਼ ਵੀ ਲਿਆ ਸਕਦੇ ਹੋ ਪਰ ਮੈਂ ਮੂੰਹ ਜ਼ੁਬਾਨੀ ਬੋਲਾਂਗਾ..1 ਨਵੰਬਰ ‘ਪੰਜਾਬ ਦਿਵਸ” ਵਾਲਾ ਦਿਨ ਠੀਕ ਰਹੇਗਾ..ਤੁਹਾਨੂੰ ਤਿਆਰੀ ਲਈ ਟਾਈਮ ਵੀ ਮਿਲ ਜਾਵੇਗਾ.. ਮੇਰੀ ਤਾਂ ਪੂਰੀ ਤਿਆਰੀ ਐ ਕਿਉਂਕਿ ਸੱਚ ਬੋਲਣ ਵਾਸਤੇ ਰੱਟੇ ਨਹੀਂ ਲਾਉਣੇ ਪੈਂਦੇ।