‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੋਣਾਂ ਤੋਂ ਪਹਿਲਾਂ ਅਤੇ ਬਾਅਦ ਕਾਂਗਰਸ ਵਿੱਚ ਪੈਦਾ ਹੋਏ ਕਲੇਸ਼ ਕਾਫ਼ੀ ਸੁਰਖੀਆਂ ਵਿੱਚ ਰਿਹਾ ਹੈ। ਆਏ ਦਿਨ ਹੀ ਕਾਂਗਰਸ ਦਾ ਕੋਈ ਨਾ ਕੋਈ ਮੁੱਦਾ ਸੁਰਖੀਆਂ ਵਿੱਚ ਰਹਿੰਦਾ ਹੈ, ਉਹ ਚਾਹੇ ਗੰਭੀਰ ਹੋਵੇ ਤਾਂ ਚਾਹੇ ਮਜ਼ਾਕ ਦਾ ਪਾਤਰ। ਅੱਜ ਫਿਰ ਸੋਸ਼ਲ ਮੀਡੀਆ ਉੱਤੇ ਕਾਂਗਰਸੀਆਂ ਦਾ ਖੂਬ ਮਜ਼ਾਕ ਉੱਡ ਰਿਹਾ ਹੈ ਜਿੱਥੇ ਉਹ ਇੱਕ ਬਰਫ਼ੀ ਖੋਹਣ ਦੇ ਪਿੱਛੇ ਇੱਕ ਦੂਜੇ ਦੇ ਨਾਲ ਉਲਝਦੇ ਹੋਏ ਦਿਖਾਈ ਦਿੱਤੇ ਪਰ ਹੱਸਦੇ-ਹੱਸਦੇ। ਦਰਅਸਲ, ਅੱਜ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਦੌਰਾਨ ਕੁੱਝ ਦਿਲਚਸਪ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਰਾਜਾ ਵੜਿੰਗ ਜਦੋਂ ਪ੍ਰਧਾਨ ਦੀ ਕੁਰਸੀ ਉੱਤੇ ਬੈਠੇ ਤਾਂ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਰਾਜਾ ਵੜਿੰਗ ਦਾ ਮੂੰਹ ਮਿੱਠਾ ਕਰਵਾਉਣ ਲਈ ਜਦੋਂ ਹੀ ਮੇਜ ਉੱਤੇ ਪਈ ਥਾਲੀ ‘ਚੋਂ ਬਰਫ਼ੀ ਚੁੱਕੀ ਤਾਂ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਆਸ਼ੂ ਤੋਂ ਬਰਫ਼ੀ ਵਾਪਸ ਰਖਵਾਈ। ਇਸ ਤੋਂ ਬਾਅਦ ਉਨ੍ਹਾਂ ਨੇ ਬਰਫ਼ੀ ਦੀ ਪਲੇਟ ਪ੍ਰਤਾਪ ਬਾਜਵਾ, ਚਰਨਜੀਤ ਸਿੰਘ ਚੰਨੀ ਅਤੇ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੱਲ ਵਧਾਈ ਅਤੇ ਰਾਜਾ ਵੜਿੰਗ ਦਾ ਮੂੰਹ ਮਿੱਠਾ ਕਰਵਾਇਆ ਤੇ ਭਾਰਤ ਭੂਸ਼ਣ ਆਸ਼ੂ, ਵੜਿੰਗ ਨੂੰ ਬਰਫ਼ੀ ਨਹੀਂ ਖੁਆ ਸਕੇ।
ਲੋਕਾਂ ਨੇ ਕਾਂਗਰਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਤਾਂ ਬਰਫ਼ੀ ਪਿੱਛੇ ਹੀ ਲੜੀ ਜਾ ਰਹੇ ਹਨ ਤੇ ਅਜੇ ਵੀ ਚਾਹੁੰਦੇ ਹਨ ਕਿ ਇਨ੍ਹਾਂ ਦੀ ਸਰਕਾਰ ਆ ਜਾਵੇ। ਕਾਂਗਰਸ ਕਦੇ ਵੀ ਪੰਜਾਬ ਵਿੱਚ ਦੁਬਾਰਾ ਨਹੀਂ ਆ ਸਕਦੀ ਜੋ ਇੱਕ ਬਰਫ਼ੀ ਪਿੱਛੇ ਹੀ ਲੜੀ ਜਾ ਰਹੀ ਹੈ। ਇੱਕ ਨੇ ਲਿਖਿਆ ਕਿ ਬਰਫ਼ੀ ਹੀ ਘੱਟ ਹੋਣੀ ਹੈ, ਕਿਉਂਕਿ ਜਿੰਨੇ ਚਮਚੇ ਹਨ, ਓਨੇ ਬਰਫ਼ੀ ਦੇ ਪੀਸ ਨਹੀਂ ਹੋਣੇ ਸਨ। ਉੱਧਰ ਹੀ ਕਈ ਲੋਕਾਂ ਨੇ ਹਰੀਸ਼ ਚੌਧਰੀ ਦੀ ਇਸ ਕਾਰਵਾਈ ਨੂੰ ਨੀਚ ਹਰਕਤ ਕਰਾਰ ਦਿੱਤਾ ਹੈ ਅਤੇ ਇਸ ਤਰ੍ਹਾਂ ਦੇ ਲੋਕਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਦੀ ਗੱਲ ਕਹੀ। ਇੱਥੋਂ ਤੱਕ ਕਿ ਕਈਆਂ ਨੇ ਤਾਂ ਕਾਂਗਰਸ ਨੂੰ ਜੌਕਰਾਂ ਦੀ ਪਾਰਟੀ ਤੱਕ ਵੀ ਕਹਿ ਦਿੱਤਾ ਹੈ। ਕੁੱਝ ਨੇ ਕਿਹਾ ਕਿ ਕਾਂਗਰਸ ਵਿੱਚ ਇੱਜ਼ਤਦਾਰ ਬੰਦੇ ਲਈ ਕੋਈ ਜਗ੍ਹਾ ਨਹੀਂ ਹੈ। ਹੋਰ ਕੁੱਝ ਨਹੀਂ, ਕਾਂਗਰਸ ਦਾ ਸਿਰਫ਼ ਹੰਕਾਰ ਬੋਲਦਾ ਹੈ ਅਤੇ ਜੋ ਹੰਕਾਰਿਆ ਸੋ ਮਾਰਿਆ ਜਾਂਦਾ ਹੈ। ਕਾਂਗਰਸ ਬਰਫੀ ਬਰਫ਼ੀ ਹੋ ਰਹੀ ਹੈ, ਪੰਜਾਬ ਨੂੰ ਇਨ੍ਹਾਂ ਤੋਂ ਕੀ ਉਮੀਦ ਹੈ। ਕਿਸੇ ਵਿਅਕਤੀ ਨੇ ਕਾਂਗਰਸ ਨੂੰ ਬਰਫ਼ੀ ਦੀ ਜਗ੍ਹਾ ਵੇਸਣ ਖੁਵਾਉਣ ਦੀ ਨਸੀਹਤ ਵੀ ਦਿੱਤੀ। ਕਿਸੇ ਨੇ ਤਾਂ ਹਰੀਸ਼ ਚੌਧਰੀ ਉੱਤੇ ਕਾਰਵਾਈ ਕਰਨ ਤੱਕ ਦੀ ਮੰਗ ਰੱਖਦਿਆਂ ਕਿਹਾ ਕਿ ਉਨ੍ਹਾਂ ਉੱਤੇ ਮਾਣਹਾਨੀ ਦਾ ਪਰਚਾ ਦਰਜ ਕੀਤਾ ਜਾਵੇ। ਉੱਧਰ ਇੱਕ ਵਿਅਕਤੀ ਨੇ ਪੱਤਰਕਾਰਾਂ ਉੱਤੇ ਦੋਸ਼ ਲਾਉਂਦਿਆਂ ਕਿਹਾ ਕਿ ਪੱਤਰਕਾਰ ਇਸ ਤਰ੍ਹਾਂ ਦੀ ਵੀਡੀਓਜ਼ ਦਿਖਾ ਕੇ ਕਾਂਗਰਸ ਨੂੰ ਇੱਕ ਨਹੀਂ ਹੋਣ ਦਿੰਦੇ।