ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਸ਼ਾ ਮੁਕਤ ਪੰਜਾਬ ਲਈ ਸਾਂਝੀ ਅਰਦਾਸ ਕੀਤੀ। ਇਸ ਮੌਕੇ ਵੱਖ ਵੱਖ ਸਕੂਲਾਂ ਦੇ 35000 ਬੱਚੇ ਵੀ ਮੌਜੂਦ ਸਨ। ਨਸ਼ਾ ਛੁਡਾਉਣ ਲਈ ਪ੍ਰਾਰਥਨਾ ਅਤੇ ਖੇਡ ਦੇ ਥੀਮ ਰਾਹੀਂ ਪੰਜਾਬ ਸਰਕਾਰ ਵੱਲੋਂ ਇੱਕ ਮਹਾਨ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਨਸ਼ਿਆਂ ਵਿੱਚ ਫਸੇ ਕਈ ਨੌਜਵਾਨਾਂ ਦੀਆਂ ਖਬਰਾਂ ਆ ਰਹੀਆਂ ਹਨ, ਇਸ ਦਲਦਲ ਵਿੱਚੋਂ ਇਨ੍ਹਾਂ ਨੌਜਵਾਨਾਂ ਨੂੰ ਕਿਵੇਂ ਬਾਹਰ ਕੱਢ ਕੇ ਲਿਆਉਣਾ ਹੈ, ਇਸ ਨੂੰ ਦੇਖਦਿਆਂ ਅੱਜ ਬੱਚਿਆਂ ਸਮੇਤ ਨਸ਼ਿਆਂ ਖਿਲਾਫ਼ ਅਰਦਾਸ ਕੀਤੀ ਹੈ। ਨੌਜਵਾਨਾਂ ਲਈ ਅਸੀਂ ਖੇਡਾਂ ਸ਼ੁਰੂ ਕੀਤੀਆਂ ਹਨ ਤੇ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਏਸ਼ੀਆਈ ਖੇਡਾਂ ਵਿੱਚ ਪੰਜਾਬ ਦੇ ਹਿੱਸੇ 19 ਮੈਡਲ ਆਏ ਹਨ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਕੀਤਾ ਜਾ ਰਿਹਾ ਹੈ, ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ।
ਮਾਨ ਨੇ ਕਿਹਾ ਕਿ ਜਦੋਂ ਏਨੀ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਕੇ ਅਰਦਾਸ ਕਰਦੇ ਹਨ ਤਾਂ ਪਰਮਾਤਮਾ ਉਹ ਅਰਦਾਸ ਜ਼ਰੂਰ ਸੁਣਦੇ ਹਨ। ਅਜਿਹੀਆਂ ਲਾਹਨਤਾਂ ਖਿਲਾਫ਼ ਲੋਕ ਸਾਡਾ ਸਾਥ ਦੇਣ ਲਈ ਤਿਆਰ ਹਨ, ਪਹਿਲਾਂ ਉਹ ਡਰਦੇ, ਝਿਜਕਦੇ ਸਨ। ਜੇ ਕੋਈ ਘਰ ਦੁੱਖ ਵਿੱਚ ਹੈ ਤਾਂ ਅਸੀਂ ਉਸਨੂੰ ਮਿਲ ਕੇ ਠੀਕ ਕਰਾਂਗੇ, ਉਸ ਘਰ ਦੇ ਬੱਚੇ ਨੂੰ ਅਸੀਂ ਸਮੱਗਲਰ ਨਹੀਂ ਕਹਾਂਗੇ, ਜੇਲ੍ਹ ਵਿੱਚ ਨਹੀਂ ਭੇਜਾਂਗੇ ਬਲਕਿ ਸੁਧਾਰਾਂਗੇ, ਨੌਕਰੀ ਦਾ ਮੌਕਾ ਦੇਵਾਂਗੇ।
ਮਾਨ ਨੇ ਦਾਅਵਾ ਕੀਤਾ ਕਿ ਅੱਜ 40 ਗਰਾਊਂਡਾਂ ਵਿੱਚ ਕ੍ਰਿਕਟ ਦੇ ਮੈਚ ਖੇਡੇ ਜਾਣਗੇ ਤਾਂ ਜੋ ਨੌਜਵਾਨਾਂ ਦਾ ਧਿਆਨ ਨਸ਼ਿਆਂ ਵੱਲੋਂ ਹਟ ਕੇ ਖੇਡਾਂ ਵੱਲ ਹੋਵੇ।