Punjab

ਪੰਜਾਬ ‘ਚ ਵੀ ਹੋ ਗਿਆ ਪੈਟਰੋਲ ਤੇ ਡੀਜ਼ਲ ਸਸਤਾ, ਚੰਨੀ ਨੇ ਕਰ ਦਿੱਤੇ ਵੱਡੇ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਦਿਵਾਲੀ ਤੋਂ ਬਾਅਦ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪੰਜਾਬ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਨੂੰ ਘਟਾ ਦਿੱਤਾ ਹੈ। ਸਰਕਾਰ ਨੇ ਪੰਜਾਬ ‘ਚ ਪੈਟਰੋਲ ਦੀ ਕੀਮਤ ਵਿੱਚ 10 ਰੁਪਏ ਅਤੇ ਡੀਜ਼ਲ ਦੀ ਕੀਮਤ ‘ਚ 5 ਰੁਪਏ ਦੀ ਕਟੌਤੀ ਕੀਤੀ ਹੈ। ਇਹ ਕੀਮਤਾਂ ਅੱਜ ਰਾਤ 12 ਵਜੇ ਤੋਂ ਲਾਗੂ ਹੋਣਗੀਆਂ।

ਇਸ ਕਟੌਤੀ ਤੋਂ ਬਾਅਦ ਹੁਣ ਪੰਜਾਬ ਵਿੱਚ ਡੀਜ਼ਲ ‘ਤੇ 9.92 ਫ਼ੀਸਦੀ ਅਤੇ ਪੈਟਰੋਲ ‘ਤੇ 13.77 ਫ਼ੀਸਦੀ ਵੈਟ ਰਹਿ ਗਿਆ ਹੈ। ਪੰਜਾਬ ਵਿੱਚ ਅੱਜ ਪੈਟਰੋਲ 105 ਰੁਪਏ ਅਤੇ ਡੀਜ਼ਲ 89 ਰੁਪਏ ਦੇ ਆਸ-ਪਾਸ ਹੈ। ਕੱਲ੍ਹ ਇਨ੍ਹਾਂ ਦੀ ਕੀਮਤ 10 ਰੁਪਏ ਅਤੇ 5 ਰੁਪਏ ਘੱਟ ਜਾਏਗੀ।

ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਸੀ। ਕੇਂਦਰ ਸਰਕਾਰ ਨੇ ਐਕਸਾਈਜ਼ ਡਿਊਟੀ ਵਿੱਚ ਕਟੌਤੀ ਕਰਦੇ ਹੋਏ ਪੈਟਰੋਲ 5 ਰੁਪਏ ਅਤੇ ਡੀਜ਼ਲ 10 ਰੁਪਏ ਸਸਤਾ ਕੀਤਾ ਸੀ। ਚੰਨੀ ਨੇ ਐਲਾਨ ਕਰਦਿਆਂ ਕਿਹਾ ਕਿ ਪਿਛਲੇ 70 ਸਾਲਾਂ ਵਿੱਚ ਇੰਨਾ ਰੇਟ ਨਹੀਂ ਘਟਿਆ ਹੈ। ਚੰਨੀ ਨੇ ਪੰਜਾਬ ਦੇ ਲੋਕਾਂ ਨੂੰ ਇਹ ਫੈਸਲਾ ਦਿਵਾਲੀ ਦਾ ਤੋਹਫਾ ਸਮਝਣ ਲਈ ਕਿਹਾ ਹੈ ਅਤੇ ਦਾਅਵਾ ਕੀਤਾ ਹੈ ਕਿ ਇਸ ਤਰ੍ਹਾਂ ਦੇ ਹੋਰ ਵੀ ਤੋਹਫੇ ਮਿਲਣਗੇ।

ਚੰਨੀ ਨੇ ਕਿਹਾ ਕਿ ਪਹਿਲਾਂ ਲੋਕ ਪੰਜਾਬ ਵਿੱਚੋਂ ਤੇਲ ਪਵਾਉਣ ਦੀ ਬਜਾਏ ਬਾਕੀ ਸੂਬਿਆਂ ਵਿੱਚੋਂ ਤੇਲ ਪਵਾਉਂਦਾ ਸੀ। ਇਹ ਪਹਿਲੀ ਵਾਰ ਹੈ ਕਿ ਪੰਜਾਬ ਵਿੱਚ ਪੈਟਰੋਲ ਸਭ ਤੋਂ ਵੱਧ ਸਸਤਾ ਹੋ ਗਿਆ ਹੈ। ਅਸੀਂ ਡੀਜ਼ਲ ਨੂੰ ਵੀ ਹਰਿਆਣਾ ਤੋਂ ਸਸਤਾ ਕਰ ਦਿੱਤਾ ਹੈ। ਦਿੱਲੀ ਨਾਲੋਂ ਪੰਜਾਬ ਦਾ ਪੈਟਰੋਲ 9 ਰੁਪਏ ਸਸਤਾ ਹੋ ਗਿਆ ਹੈ। ਲੋਕਾਂ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਮਪਰੂਵਮੈਂਟ ਟਰੱਸਟ ਦੇ ਅਲੋਟੀ ਨੂੰ 15% ਦੀ ਥਾਂ ਹੁਣ 7.5% ਬਿਆਜ਼ ਦੇਣਾ ਪਵੇਗਾ। ਪੰਜਾਬ ਸਰਕਾਰ ਨੇ 40 ਹਜ਼ਾਰ ਪਰਿਵਾਰ ਨੂੰ ਰਾਹਤ ਦੇਣ ਦਾ ਦਾਅਵਾ ਕੀਤਾ ਹੈ।