Punjab

ਪੰਜਾਬ ਪੁਲਿਸ ’ਚ ਜਲਦ ਹੋਣਗੀਆਂ 10,000 ਭਰਤੀਆਂ! 100 SH0 ਨੂੰ ਮਿਲਣਗੀਆਂ ਨਵੀਆਂ ਗੱਡੀਆਂ

Punjab Police

ਲੋਕ ਸਭਾ ਚੋਣਾਂ 2014 ਵਿੱਚ ਪੰਜਾਬ ’ਚ 13 ‘ਚੋਂ 10 ਸੀਟਾਂ ਹਾਰਨ ਤੋਂ ਬਾਅਦ ‘ਆਪ’ ਸਰਕਾਰ ਐਕਸ਼ਨ ਮੋਡ ਵਿੱਚ ਆ ਗਈ ਹੈ। ਅੱਜ ਮੰਗਲਵਾਰ 18 ਜੂਨ ਨੂੰ ਸੀਐਮ ਭਗਵੰਤ ਮਾਨ ਨੇ ਪੰਜਾਬ ਦੇ ਸਾਰੇ ਐਸਐਸਪੀਜ਼ ਅਤੇ ਪੁਲਿਸ ਕਮਿਸ਼ਨਰਾਂ ਨਾਲ ਮੀਟਿੰਗ ਕੀਤੀ। ਇੱਥੇ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 10 ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਭਰਤੀ ਕਰਨ ਦਾ ਫੈਸਲਾ ਲਿਆ ਗਿਆ।

ਮੀਟਿੰਗ ਵਿੱਚ ਸੀਐਮ ਨੇ ਪੁਲਿਸ ਅਧਿਕਾਰੀਆਂ ਨੂੰ ਕਾਫੀ ਝਿੜਕਿਆ। ਮੁਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕ ਨਸ਼ਾ ਵੇਚਣ ਵਾਲਿਆਂ ਨੂੰ ਫੜ ਕੇ ਥਾਣੇ ਭੇਜ ਦਿੰਦੇ ਹਨ ਪਰ ਬਾਅਦ ’ਚ ਪੁਲਿਸ ਮੁਲਾਜ਼ਮ ਯਾਰੀਆਂ ਤੇ ਰਿਸ਼ਤੇਦਾਰੀਆਂਂ ਨਿਭਾ ਕੇ ਉਨ੍ਹਾਂ ਨੂੰ ਛੱਡ ਦਿੰਦੇ ਹਨ। ਸੀਐਮ ਨੇ ਕਿਹਾ ਕਿ ਥਾਣਿਆਂ ਵਿੱਚ ਦੋਸਤੀ ਅਤੇ ਰਿਸ਼ਤੇਦਾਰੀ ਨਹੀਂ ਚੱਲੇਗੀ। ਇਸ ਲਈ ਸਾਰਿਆਂ ਦਾ ਤਬਾਦਲਾ ਕੀਤਾ ਗਿਆ ਹੈ।

ਸੀਐਮ ਮਾਨ ਨੇ ਕਿਹਾ ਕਿ ਜੇ ਕੋਈ ਵਿਧਾਇਕ ਸ਼ਿਕਾਇਤ ਦਿੰਦਾ ਹੈ ਤਾਂ ਅਧਿਕਾਰੀਆਂ ਨੂੰ ਉਸ ਦੀ ਗੱਲ ਸੁਣਨੀ ਪਵੇਗੀ। ਹੁਣ ਕਮਿਸ਼ਨ ’ਤੇ ਕੋਈ ਕੰਮ ਨਹੀਂ ਹੋਵੇਗਾ। ਕੰਮ ਨਾ ਕਰਨ ਵਾਲਿਆਂ ਨੂੰ ਚੰਡੀਗੜ੍ਹ ਤਬਦੀਲ ਕਰ ਦਿੱਤਾ ਜਾਵੇਗਾ। ਮਾਨ ਨੇ ਗ੍ਰਿਫ਼ਤਾਰੀ ਤੋਂ 7 ਦਿਨ ਬਾਅਦ ਨਸ਼ਾ ਤਸਕਰ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਦਿੱਤੇ ਹਨ। ਤੇ ਜੇ ਕੋਈ ਪੁਲਿਸ ਮੁਲਾਜ਼ਮ ਇਸ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਨੂੰ ਬਰਖ਼ਾਸਤ ਕਰ ਦਿੱਤਾ ਜਾਵੇਗਾ।

100 SH0 ਨੂੰ ਮਿਲਣਗੀਆਂ ਨਵੀਆਂ ਗੱਡੀਆਂ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਮੁਲਾਜ਼ਮਾਂ ਦੀ ਗਿਣਤੀ ਸਾਲਾਂ ਤੋਂ ਨਹੀਂ ਵਧੀ ਹੈ। ਹੁਣ ਪੁਲਿਸ ਵਿੱਚ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾਵੇਗੀ। 23 ਸਾਲਾਂ ਤੋਂ ਪੰਜਾਬ ਪੁਲਿਸ ਵਿੱਚ 80 ਤੋਂ 81 ਹਜ਼ਾਰ ਮੁਲਾਜ਼ਮ ਹਨ। ਅਜਿਹੇ ‘ਚ ਵੱਖ-ਵੱਖ ਰੈਂਕਾਂ ‘ਤੇ 10 ਹਜ਼ਾਰ ਮੁਲਾਜ਼ਮ ਭਰਤੀ ਕੀਤੇ ਜਾਣਗੇ। ਹੁਣ ਅਸਾਮੀਆਂ ਦੀ ਪ੍ਰਵਾਨਗੀ ਲਈ ਵਿੱਤ ਵਿਭਾਗ ਨੂੰ ਪੱਤਰ ਲਿਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 315 ਐਸਐਚਓਜ਼ ਨੂੰ ਗੱਡੀਆਂ ਦਿੱਤੀਆਂ ਗਈਆਂ ਹਨ। ਜਲਦੀ ਹੀ ਸੌ ਦੇ ਕਰੀਬ ਮੁਲਾਜ਼ਮਾਂ ਨੂੰ ਨਵੀਆਂ ਗੱਡੀਆਂ ਦਿੱਤੀਆਂ ਜਾਣਗੀਆਂ।

ਸਬੰਧਿਤ ਖ਼ਬਰ – ਪੰਜਾਬ ਪੁਲਿਸ ‘ਚ ਹੋਈਆਂ ਬਦਲੀਆਂ, ਵਧੇਗੀ ਨਫਰੀ ਤੇ ਜਾਇਦਾਦ ਹੋਵੇਗੀ ਜ਼ਬਤ, ਮੁੱਖ ਮੰਤਰੀ ਵੀ ਸਰਗਰਮ