ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਦੇ ਬੱਲੂਆਣਾ ਵਿੱਚ ‘ਲੋਕ ਮਿਲਣੀ’ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਹੈ ਕਿ ਫ਼ਿਰੋਜ਼ਪੁਰ ਤੋਂ ਮੌਜੂਦਾ ਸਾਂਸਦ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ‘ਸੁੱਖ ਵਿਲਾਸ’ ਨੂੰ ਸਰਕਾਰੀ ਸਕੂਲ ਵਿੱਚ ਬਦਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਹੋਟਲਾਂ ਨੂੰ ਸਰਕਾਰ ਆਪਣੇ ਕਬਜ਼ੇ ਵਿੱਚ ਲਵੇਗੀ ਤੇ ਢਾਹੁਣ ਦੀ ਬਜਾਏ ਉਨ੍ਹਾਂ ਨੂੰ ਸਰਕਾਰੀ ਸਕੂਲਾਂ ਵਿੱਚ ਬਦਲਿਆ ਜਾਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਫ਼ਿਰੋਜ਼ਪੁਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਮੈਨੂੰ 13 ਹੱਥ ਤੇ 13 ਜ਼ੁਬਾਨਾਂ ਦੇ ਦਿਓ, ਜਿਹੜੀਆਂ ਸੰਸਦ ਵਿੱਚ ਜਾ ਕੇ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾ ਸਕਣ, ਫਿਰ ਕਿਸੇ ਦੀ ਮਜਾਲ ਨਹੀਂ ਕਿ ਕੇਂਦਰ ਪੰਜਾਬ ਦਾ ਇੱਕ ਰੁਪਈਆ ਵੀ ਰੋਕ ਲਵੇ। ਉਨ੍ਹਾਂ ਕਿਹਾ ਕਿ 4 ਜੂਨ ਨੂੰ ਵਿਰੋਧੀ ਪਾਰਟੀਆਂ ਦੇ ਮੂੰਹ ਬੰਦ ਕਰਕੇ 13-0 ਕਰ ਦਿਓ, ਤੁਹਾਨੂੰ ਸਰਕਾਰ ਵਿੱਚ ਜ਼ਿੰਮੇਵਾਰੀਆਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਦੁਬਾਰਾ ਸੋਨੇ ਦੀ ਚਿੜੀ ਬਣਾਉਣਾ ਚਾਹੁੰਦੀ ਹੈ।
ਇਸ ਦੌਰਾਨ ਉਨ੍ਹਾਂ ਸੁਖਬੀਰ ਬਾਦਲ ਨੂੰ ਮਖੌਲ ਕੀਤਾ ਕਿ ਉਹ ਜੀਪ ‘ਤੇ ਛੱਤਰੀ ਜਿਹੀ ਲਾਈ ਫਿਰਦੇ ਹਨ, ਕੀ ਉਨ੍ਹਾਂ ਨੂੰ ਜ਼ਿਆਦਾ ਗਰਮੀ ਲੱਦਗੀ ਹੈ? ਉਨ੍ਹਾਂ ਕਿਹਾ ਕਿ ਇਹ ਤਾਪਮਾਨ ਪੁੱਛ ਕੇ ਘਰੋਂ ਬਾਹਰ ਨਿਕਲਣ ਵਾਲੇ ਬੰਦੇ ਹਨ। ਨਾ ਉਨ੍ਹਾਂ ਕਦੀ ਸੁਖਬਾਰ ਬਾਦਲ ਨੂੰ ਸੰਸਦ ਵਿੱਚ ਵੇਖਿਆ ਹੈ ਤੇ ਨਾ ਹੀ ਫ਼ਿਰੋਜ਼ਪੁਰ ਵਿੱਚ। ਜਦੋਂ ਤਾਪਮਾਨ 30-32 ਹੁੰਦਾ ਹੈ ਤਾਂ ਉਦੋਂ 2 ਘੰਟਿਆਂ ਵਾਸਤੇ ਇਹ ਪੰਜਾਬ ਉਦੋਂ ਬਚਾਉਂਦੇ ਹਨ। ਆਪਣੀ ਟੁੱਟੀ ਬਾਂਹ ਦਾ ਹਵਾਲਾ ਦਿੰਦਿਆਂ ਉਨ੍ਹਾਂ ਆਖਿਆ ਕਿ ਸੁਖਬੀਰ ਬਾਦਲ ਨੂੰ ਪੁੱਛ ਕੇ ਦੇਖੋ ‘ਟੱਸ’ ਕੀ ਹੁੰਦੀ ਹੈ, ਇਨ੍ਹਾਂ ਨੂੰ ਕੀ ਪਤਾ? ਇਨ੍ਹਾਂ ਨੂੰ ਤਾਂ ਨਰਮੇ ਦੇ ਟੀਂਡਿਆਂ ਦਾ ਵੀ ਨਹੀਂ ਪਤਾ।
‘ਸੁੱਖ ਵਿਲਾਸ’ ਤੇ ਨਿਸ਼ਾਨਾ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਜੋ ਪਹਾੜਾਂ ਵਿੱਚ ਸੁਖ ਵਿਲਾਸ ਤੇ ਵੱਡੇ-ਵੱਡੇ ਹੋਟਲ ਪਾਈ ਬੈਠੇ ਹਨ, ਇਹ ਸਭ ਪੰਜਾਬ ਦੇ ਲੋਕਾਂ ਦੇ ਪੈਸੇ ਲੁੱਟ ਕੇ ਬਣੇ ਹੋਏ ਹਨ। ਪਰ ਹੁਣ ਸਰਕਾਰ ਇਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਅਕਾਲੀ ਦਲ ਦੇ ਹੋਟਲਾਂ ’ਤੇ ਕਬਜ਼ਾ ਕਰਨ ਉਪਰੰਤ ਉਨ੍ਹਾਂ ਨੂੰ ਢਾਹੇਗੀ ਨਹੀਂ, ਬਲਕਿ ਇਨ੍ਹਾਂ ਦੇ ਸਕੂਲ ਬਣਾਏ ਜਾਣਗੇ। ਕਿਹਾ ਕਿ ਇਸ ਤਰੀਕੇ ਨਾਲ ਸਰਕਾਰ ਕੋਲ ਨਾਅਰਾ ਵੀ ਬਣ ਜਾਵੇਗਾ- ‘ਦੁਨੀਆ ਦਾ ਪਹਿਲਾ ਸਕੂਲ, ਜਿਸ ਦੇ ਹਰ ਕਮਰੇ ਵਿੱਚ ਪੂਲ।’
ਇਸ ਦੇ ਨਾਲ ਹੀ ਸੀਐਮ ਮਾਨ ਨੇ ਵਿਰੋਧੀ ਪਾਰਟੀ ਅਕਾਲੀ ਦਲ ਦੇ ਸਰਪ੍ਰਸਤ ਮਰਹੂਮ ਪਰਕਾਸ਼ ਸਿੰਘ ਬਾਦਲ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਵੱਡੇ ਬਾਦਲ ਨੂੰ ਕਹਿੰਦੇ ਹੁੰਦੇ ਸੀ ਉਨ੍ਹਾਂ ਦੀ ਉਮਰ ਲੰਮੀ ਹੋਵੇ, ਤਾਂ ਕਿ ਉਹ ਦੁਨੀਆ ਤੋਂ ਜਾਂਦੇ-ਜਾਂਦੇ, ਆਪਣੇ ਪੁੱਤਰ ਮੋਹ ਵਿੱਚ ਪੈ ਕੇ ਉਨ੍ਹਾਂ ਵੱਲੋਂ ਪੰਜਾਬ ਤੇ ਅਕਾਲੀ ਦਲ ਦਾ ਜੋ ਹਾਲ ਕੀਤਾ ਗਿਆ ਹੈ, ਉਸ ਦਾ ਹਸ਼ਰ ਦੇਖ ਸਕਣ। ਉਨ੍ਹਾਂ ਕਿਹਾ ਕਿ ਬਾਦਲ ਸਾਹਬ ਨੂੰ 94 ਸਾਲ ਦੀ ਏਨੀ ਬਿਰਧ ਉਮਰ ਵਿੱਚ ਚੋਣ ਲੜਨ ਦੀ ਕੀ ਲੋੜ ਪੈ ਗਈ ਸੀ? ਹਾਰ ਕੇ ਦੁਨੀਆ ਤੋਂ ਰੁਖ਼ਸਤ ਹੋਏ ਹਨ।
ਵਿਰੋਧੀ ਧਿਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਅੱਜ ਨਾਮਜ਼ਦਗੀਆਂ ਭਰਨ ਦਾ ਪਹਿਲਾ ਦਿਨ ਹੈ ਤੇ ਵਿਰੋਧੀ ਪਾਰਟੀਆਂ ਬੀਜੇਪੀ ਤੇ ਕਾਂਗਰਸ ਦੇ ਹਾਲੇ ਤਕ ਉਮੀਦਵਾਰ ਹੀ ਨਹੀਂ ਐਲਾਨੇ ਗਏ ਹਨ। ਸੀਐਮ ਮਾਨ ਨੇ ਕਿਹਾ ਸਾਡੇ ਸਾਰੇ ਉਮੀਦਵਾਰ ਬਹੁਤ ਕਾਬਲ ਹਨ, ਅਸੀਂ ਉਨ੍ਹਾਂ ਨੂੰ ਦਿੱਲੀ ਭੇਜਾਂਗੇ ਜਿਨ੍ਹਾਂ ਨੂੰ ਵਿਧਾਨ ਸਭਾ ਵਿੱਚ ਭਾਸ਼ਣ ਦੇਣ ਦਾ ਤੇ ਅਫ਼ਸਰਾਂ ਨਾਲ ਕੰਮ ਕਰਨ ਦਾ ਤਜਰਬਾ ਹੋ ਗਿਆ ਹੈ।
ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਦੀ ਨੌਜਵਾਨੀ ਦੇ ਵਿਦੇਸ਼ਾਂ ਵਿੱਚ ਪਰਵਾਸ ਦੀ ਗੱਲ ਕਰਦਿਆਂ ਵਿਰੋਧੀਆਂ ‘ਤੇ ਨਿਸ਼ਾਨਾ ਸਾਧਿਆ, ਉਨ੍ਹਾਂ ਕਿਹਾ ਕਿ ਪਹਿਲੇ ਸੱਤਾਧਾਰੀ ਹਮੇਸ਼ਾ ਆਖਦੇ ਸੀ ਕਿ ਪੰਜਾਬ ਦਾ ਖ਼ਜ਼ਾਨਾ ਖ਼ਲੀ ਹੈ, ਇਹ ਸੁਣ ਕੇ ਨੌਜਵਾਨ ਬਾਹਰਲੇ ਮੁਲਕਾਂ ਵਿੱਚ ਭੱਜਦੇ ਸੀ, ਪਰ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਅਸੀਂ ਕਦੀ ਨਹੀਂ ਕਿਹਾ ਕਿ ਖ਼ਜ਼ਾਨਾ ਖ਼ਾਲੀ ਹੈ, ਬਲਕਿ ਖ਼ਜ਼ਾਨਾ ਕਦੇ ਖ਼ਾਲੀ ਨਹੀਂ ਹੁੰਦਾ, ਵਿਰੋਧੀਆਂ ਦੀ ਨੀਅਤ ਖ਼ਾਲੀ ਹੈ।