ਮੁਹਾਲੀ : ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਕਿਸਾਨੀ ਸੰਘਰਸ਼ ਪ੍ਰਤੀ ਕੇਂਦਰ ਸਰਕਾਰ ਦੇ ਨਾਂਹ ਪੱਖੀ ਰਵਈਏ ਅਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਲਾਲ ਇਕਜੁਟਤਾ ਪ੍ਰਗਟ ਕਰਨ ਲਈ 30 ਦਸੰਬਰ ਨੂੰ ਦਿਤੇ ਗਏ ਪੰਜਾਬ ਬੰਦ ਦੇ ਸੱਦੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਬੰਦ ਨੂੰ ਹਰ ਵਰਗ ਵਲੋਂ ਵਿਆਪਕ ਸਮਰਥਨ ਹਾਸਲ ਹੋ ਰਿਹਾ ਹੈ।
- ਕਿਸਾਨ ਆਗੂਆਂ ਨੇ ਸੜਕਾਂ, ਰੇਲਵੇ, ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰੱਖਣ ਦਾ ਸੱਦਾ ਦਿੱਤਾ ਹੈ। ਇਸ ਦੌਰਾਨ ਪੰਜਾਬ ਬੰਦ ਦੇ ਮੱਦੇਨਜ਼ਰ ਉੱਤਰੀ ਰੇਲਵੇ ਨੇ ਪੰਜਾਬ ਨੂੰ ਜਾਣ ਵਾਲੀਆਂ 107 ਟ੍ਰੇਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ।
- ਪੰਜਾਬ ਬੰਦ ਦੌਰਾਨ ਦੌਧੀ ਯੂਨੀਅਨ (ਘਰ ਘਰ ਦੁੱਧ ਪਾਉਣ ਵਾਲੇ ਅਤੇ ਸ਼ਹਿਰਾਂ ਵਿੱਚ ਦੁੱਧ ਵੇਚਣ ਵਾਲੇ), ਆਟੋ, ਟੈਕਸੀ ਯੂਨੀਅਨਾਂ, PRTC ਮੁਲਾਜ਼ਮ ਯੂਨੀਅਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਕਈ ਸੰਗਠਨਾਂ ਨੇ ਇਸ ਬੰਦ ਦਾ ਸਮਰਥਨ ਕੀਤਾ ਹੈ।
- ਮੈਡੀਕਲ ਸਹੂਲਤਾਂ (ਐਂਬੁਲੈਸ), ਵਿਆਹ ਵਾਲੀਆਂ ਗੱਡੀਆਂ, ਇੰਟਰਵਿਊ ਲਈ ਜਾਣ ਵਾਲੇ ਲੋਕ, ਏਅਰਪੋਰਟ ਜਾਣ ਵਾਲੇ ਲੋਕਾਂ ਤੇ ਅੱਜ ਦੇ ਪੰਜਾਬ ਬੰਦ ਦਾ ਅਸਰ ਨਹੀਂ ਹੋਵੇਗਾ।
- ਕਿਸਾਨਾਂ ਨੇ ਸਵੇਰ ਸਮੇਂ ਹੀ ਸੱਦੇ ਦੇ ਅਨੁਸਾਰ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਨੂੰ ਜਾਮ ਕਰ ਦਿੱਤਾ ਹੈ। ਮੌਕੇ ਤੇ ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਹੈ।
- ਕਿਸਾਨਾਂ ਨੇ ਮੋਹਾਲੀ ਹਵਾਈ ਅੱਡੇ ਨੇੜੇ ਮੋਹਾਲੀ- ਪਟਿਆਲਾ ਹਾਈਵੇਅ ਨੂੰ ਜਾਮ ਕਰ ਦਿੱਤਾ ਹੈ। ਇਹ ਜਾਮ IISER ਅਤੇ ਰੇਲਵੇ ਲਾਈਨ ਨੇੜੇ ਲਗਾਇਆ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ।
- ਪੰਜਾਬ ਬੰਦ ਕਾਰਨ ਉੱਤਰ ਰੇਲਵੇ ਨੇ ਜ਼ਿਆਦਾਤਰ ਰੇਲਾਂ ਨੂੰ ਲੁਧਿਆਣਾ ਜੰਕਸ਼ਨ ਉੱਪਰ ਰੋਕ ਦਿੱਤਾ ਹੈ। ਲੁਧਿਆਣਾ ਸਟੇਸ਼ਨ ਤੋਂ ਜਾਣ ਵਾਲੀਆਂ ਕਰੀਬ 80 ਰੇਲਾਂ ਪ੍ਰਭਾਵਿਤ ਹੋਈਆਂ ਹਨ। ਜਿਸ ਕਾਰਨ ਯਾਤਰੀਆਂ ਨੂੰ ਖੁੱਜਲ ਖੁਆਰੀ ਹੋ ਰਹੀ ਹੈ।
- ਪਟਿਆਲਾ ਵਿਖੇ ਕਿਸਾਨ ਸੜਕਾਂ ਉੱਪਰ ਉੱਤਰ ਆਏ ਨੇ ਕਿਸਾਨਾਂ ਨੇ ਧਰੇੜੀ ਜੱਟਾਂ ਸਥਿਤ ਟੋਲ ਪਲਾਜ਼ੇ ਨੂੰ ਜਾਮ ਕਰ ਦਿੱਤਾ ਹੈ। ਉੱਥੋਂ ਲੰਘਣ ਵਾਲੀਆਂ ਗੱਡੀਆਂ ਨੂੰ ਵਾਪਿਸ ਮੋੜਿਆ ਜਾ ਰਿਹਾ ਹੈ।
- ਕਿਸਾਨਾਂ ਨੇ ਪੰਜਾਬ ਬੰਦ ਦੇ ਸੱਦੇ ਨੂੰ ਲੈਕੇ ਅੰਮ੍ਰਿਤਸਰ ਦੇ ਐਂਟਰੀ ਪੁਆਇੰਟ ਗੋਲਡਨ ਗੇਟ ਨੂੰ ਵੀ ਬੰਦ ਕਰ ਦਿੱਤਾ ਹੈ। ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਰਵਣ ਸਿੰਘ ਪੰਧੇਰ ਨੇ ਵੀ ਦੌਰਾ ਕੀਤਾ।
- ਸ਼ੰਭੂ ਬਾਰਡਰ ਤੇ ਕਿਸਾਨਾਂ ਨੇ ਰੇਲ ਦੀਆਂ ਪਟੜੀਆਂ ਉੱਪਰ ਧਰਨਾ ਲਗਾ ਦਿੱਤਾ ਹੈ। ਜਿਸ ਕਾਰਨ ਅੰਬਾਲਾ ਦਿੱਲੀ ਤੋਂ ਜਾਣ ਵਾਲੀਆਂ ਰੇਲਾਂ ਦਾ ਕੁਨੇਕਸ਼ਨ ਲੁਧਿਆਣਾ ਅੰਮ੍ਰਿਤਸਰ, ਹਿਮਾਚਲ ਅਤੇ ਜੰਮੂ ਕਸ਼ਮੀਰ ਨਾਲੋਂ ਟੁੱਟ ਗਿਆ ਹੈ। ਜਾਣਕਾਰੀ ਅਨੁਸਾਰ ਹੁਣ ਤੱਕ 150 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ।