ਬਿਉਰੋ ਰਿਪੋਰਟ: ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਤੋਂ ਇੰਟਰਵਿਊ ਦੇ ਮਾਮਲੇ ਦੀ ਅੱਜ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਪੰਜਾਬ ਦੇ ਮੁੱਖ ਸਕੱਤਰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਏ। ਸੁਣਵਾਈ ਦੌਰਾਨ ਅਦਾਲਤ ਨੇ ਜੇਲ੍ਹਾਂ ਵਿੱਚ ਜੈਮਰ ਲਗਾਉਣ ਲਈ ਸਰਕਾਰ ਦੀ ਵਾਹਵਾ ਝਾੜਝੰਬ ਕੀਤੀ। ਇਸ ਮਾਮਲੇ ਦੀ ਅਗਲੀ ਸੁਣਵਾਈ 12 ਸਤੰਬਰ ਲਈ ਤੈਅ ਕੀਤੀ ਗਈ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਸਰਕਾਰੀ ਵਕੀਲ ਨੇ ਜੈਮਰ ਲਗਾਉਣ ਦੇ ਪ੍ਰਾਜੈਕਟ ਵਿੱਚ ਦੇਰੀ ਦਾ ਕਾਰਨ ਫੰਡਾਂ ਦੀ ਘਾਟ ਨੂੰ ਦੱਸਿਆ। ਇਸ ’ਤੇ ਅਦਾਲਤ ਨੇ ਕਿਹਾ ਕਿ ਇਸ ਗੰਭੀਰ ਵਿਸ਼ੇ ’ਤੇ ਇੰਨੀ ਲਾਪਰਵਾਹੀ ਕਿਵੇਂ ਹੋ ਸਕਦੀ ਹੈ? ਜੇਲ੍ਹਾਂ ਦੀ ਸੁਰੱਖਿਆ ਦਾ ਮੁੱਦਾ ਅਹਿਮ ਹੈ। ਅਜਿਹੇ ’ਚ ਅਗਲੀ ਸੁਣਵਾਈ ’ਚ ਇਸ ਸਬੰਧੀ ਸਟੇਟਸ ਰਿਪੋਰਟ ਪੇਸ਼ ਕੀਤੀ ਜਾਵੇ।
ਲਾਰੇਂਸ ਇੰਟਰਵਿਊ ਮਾਮਲੇ ਦੀ ਜਾਂਚ ਕਰ ਰਹੇ ਐਸਆਈਟੀ ਅਧਿਕਾਰੀ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਜਾਂਚ ਚੱਲ ਰਹੀ ਹੈ। ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਤੱਕ ਜਾਂਚ ਪੂਰੀ ਕਰ ਲਈ ਜਾਵੇਗੀ।
ਜੈਮਰ ਦੇ ਮੁੱਦੇ ’ਤੇ ਸੁਣਵਾਈ ਵਿੱਚ ਮੁਸ਼ਕਲ
ਸੁਣਵਾਈ ਦੌਰਾਨ ਅਦਾਲਤ ਨੇ ਜੇਲ੍ਹਾਂ ’ਚ ਜੈਮਰ ਲਗਾਉਣ ਦੇ ਮੁੱਦੇ ’ਤੇ ਸਵਾਲ ਪੁੱਛੇ ਤਾਂ ਸਰਕਾਰੀ ਵਕੀਲ ਨੇ ਦੱਸਿਆ ਕਿ ਜੈਮਰ ਲਗਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਜੈਮਰ ਲਗਾਉਣ ਲਈ ਟੈਂਡਰ ਅਤੇ ਹੋਰ ਰਸਮੀ ਕਾਰਵਾਈਆਂ ਹਨ। ਇਸ ਤੋਂ ਬਾਅਦ ਅਦਾਲਤ ਨੇ ਮੁੱਖ ਸਕੱਤਰ ਨੂੰ ਤਲਬ ਕੀਤਾ। ਹਾਲਾਂਕਿ ਅਦਾਲਤ ਦੇ ਬਾਹਰ ਵਕੀਲ ਨੇ ਦੱਸਿਆ ਕਿ ਇਸ ਦੌਰਾਨ ਕਿਹਾ ਸੀ ਕਿ ਕਿਉਂ ਨਾ VIPs ਦੀਆਂ ਗੱਡੀਆਂ ਵਿੱਚ ਲੱਗੇ ਜੈਮਰ ਜੇਲ੍ਹਾਂ ਵਿੱਚ ਲਾ ਦਿੱਤੇ ਜਾਣ।