ਪਟਿਆਲਾ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਵਾਸੀਆਂ ਨੂੰ ਨਵੇਂ ਬੱਸ ਅੱਡੇ ਦਾ ਤੋਹਫ਼ਾ ਦਿੱਤਾ ਹੈ । ਮਾਨ ਨੇ ਆਪਣੇ ਸੰਬੋਧਨ ਵਿੱਚ ਜਾਣਕਾਰੀ ਦਿੱਤੀ ਹੈ ਕਿ ਇਸ ਦੀ ਇਮਾਰਤ ਵਿੱਚ 45 ਕਾਊਂਟਰ,4 ਲਿਫ਼ਟਾਂ ਹੋਣਗੀਆਂ ਤੇ ਅੰਗਹੀਣ ਵਿਅਕਤੀਆਂ ਲਈ ਖਾਸ ਤੌਰ ‘ਤੇ ਰੈਂਪ ਬਣਾਏ ਗਏ ਹਨ। ਇਸਦੀ ਇਮਾਰਤ ਵਿੱਚ ਹਰ ਤਰਾਂ ਦੀ ਸਹੂਲਤ ਮਿਲੇਗੀ। ਸਵਾ 8 ਏਕੜ ਜ਼ਮੀਨ ‘ਤੇ ਲਗਭਗ 60 ਕਰੋੜ ਦੀ ਲਾਗਤ ਨਾਲ ਬਣੇ ਇਸ ਬੱਸ ਅੱਡੇ ਦੀਆਂ ਸਮੇਂ ਦੇ ਨਾਲ ਆਉਣ ਵਾਲੀਆਂ ਮੁਸ਼ਕਿਲਾਂ ਦੂਰ ਕੀਤੀਆਂ ਜਾਣਗੀਆਂ। ਇਸ ਇਮਾਰਤ ਵਿੱਚ ਡਰਾਈਵਰਾਂ ਤੇ ਕੰਡਕਟਰਾਂ ਦੇ ਆਰਾਮ ਕਰਨ ਲਈ ਖਾਸ ਜਗਾ ਬਣਾਈ ਗਈ ਹੈ ਤੇ ਹੋਰ ਵੀ ਕਈ ਸ਼ਹਿਰਾਂ ਚ ਇਸ ਤਰਾਂ ਦੇ ਬੱਸ ਅੱਡੇ ਬਣਨਗੇ।
ਐਲਾਨ
ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਪਟਿਆਲਾ ਵਿੱਚ 15-20 ਸੀਟਾਂ ਵਾਲੀਆਂ ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ,ਜੋ ਸਾਰੇ ਸ਼ਹਿਰ ਵਿੱਚ ਚੱਲਣਗੀਆਂ।ਇਸ ਤੋਂ ਇਲਾਵਾ ਪੰਜਾਬ ਵਿੱਚ ਹੋਰ ਸਬ-ਤਹਿਸੀਲਾਂ ਬਣਾਈਆਂ ਜਾਣਗੀਆਂ ਤੇ ਹੋਰ ਸਕੂਲ ਖੋਲੇ ਜਾਣਗੇ। ਫੈਕਟਰੀਆਂ ਲਈ ਜਾਰੀ ਕੀਤੇ ਹਰੇ ਅਸ਼ਟਾਮ ਤੋਂ ਬਾਅਦ ਕਾਲੋਨੀਆਂ-ਪਲਾਟਾਂ ਨੂੰ ਖਰੀਦਣ-ਵੇਚਣ ਲਈ ਵੀ ਅਸ਼ਟਾਮ ਦਾ ਰੰਗ ਬਦਲਿਆ ਜਾਵੇਗਾ।
ਮਾਨ ਨੇ ਆਪਣੇ ਸੰਬੋਧਨ ਵਿੱਚ ਵਿਰੋਧੀਆਂ ‘ਤੇ ਵੀ ਨਿਸ਼ਾਨੇ ਲਾਏ ਹਨ। ਉਹਨਾਂ ਕਿਹਾ ਹੈ ਕਿ ਪੰਜਾਬ ਦੇ ਲੋਕ ਪੰਜਾਬ ਨੂੰ ਨਵੀਆਂ ਲੀਹਾਂ ਤੇ ਦੇਖਣਾ ਚਾਹੁੰਦੇ ਹਨ। ਰੋਜ ਨਵੀ ਯੋਜਨਾ ਦਾ ਉਦਾਘਾਟਨ ਹੋ ਰਿਹਾ ਹੈ।ਲੋਕਾਂ ਤੋਂ ਪੁੱਛ ਕੇ ਉਹਨਾਂ ਦੀਆਂ ਮੁਸ਼ਕਿਲਾਂ ਹਲ ਹੋ ਰਹੀਆਂ ਹਨ ਤੇ ਖੇਤਾਂ ‘ਚ ਨਹਿਰੀ ਪਾਣੀ ਪਹੁੰਚਿਆ ਹੈ।
ਜਲੰਧਰ ‘ਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਵੋਟਾਂ ਵਿਕਾਸ ਕਾਰਜਾਂ ਨੂੰ ਪਈਆਂ ਹਨ ਜਦੋਂ ਕਿ ਬਾਕੀਆਂ ਨੇ ਜਾਤੀ ਧਰਮ ਦੇ ਆਧਾਰ ਤੇ ਵੋਟਾਂ ਮੰਗੀਆਂ ਸੀ।
ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਕੱਲ ਨੂੰ ਕੈਬਨਿਟ ਦੀ ਮੀਟਿੰਗ ਜਲੰਧਰ ਵਿੱਚ ਹੋਵੇਗੀ,ਜਿਸ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਜਾਣਗੀਆਂ। ਆਉਣ ਵਾਲੇ ਦਿਨਾਂ ਚ ਹੋਰ ਵੀ ਕਈ ਸਕੀਮਾਂ ਦਾ ਐਲਾਨ ਕੀਤਾ ਜਾਵੇਗਾ। ਮਾਨ ਨੇ ਕੱਲ ਕੀਤੇ ਝੋਨੇ ਸੰਬੰਧੀ ਐਲਾਨਾਂ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਅਗਲੇ ਸਾਲ ਤੱਕ ਹਰ ਖੇਤ ਤੱਕ ਨਹਿਰਾਂ ਦਾ ਪਾਣੀ ਪਹੁੰਚਾਇਆ ਜਾਵੇਗਾ,ਜਿਸ ਨਾਲ ਬਿਜਲੀ ਤੇ ਪਾਣੀ ਬਚੇਗੀ।
ਵਿਰੋਧੀ ਧਿਰਾਂ ‘ਤੇ ਹਮਲੇ
ਮਾਨ ਨੇ ਵਿਰੋਧੀ ਧਿਰ ਤੇ ਵੀ ਸਿੱਧੇ ਵਾਰ ਕੀਤੇ ਹਨ ਤੇ ਕਿਹਾ ਕਿ ਵਿਰੋਧੀ ਧਿਰ ਨੇ ਮੇਰੇ ਖਿਲਾਫ਼ ਕੂੜ ਪ੍ਰਚਾਰ ਕੀਤਾ ਪਰ ਆਪ ਨੂੰ ਪਈਆਂ ਵੋਟਾਂ ਨੇ ਉਹਨਾਂ ਨੂੰ ਜਵਾਬ ਦੇ ਦਿੱਤਾ ਹੈ।ਹੁਣ ਵਿਰੋਧੀ ਧਿਰ ਚੁੱਪ ਹੋ ਕੇ ਬੈਠ ਗਈ ਹੈ। ਮਾਨ ਨੇ ਇਹ ਵੀ ਕਿਹਾ ਕਿ ਉਹ ਰੋਡ ਸ਼ੋਅ ਵੇਲੇ ਹਰ ਇੱਕ ਨੂੰ ਮਿਲਦੇ ਸੀ ਪਰ ਵਿਰੋਧੀ ਧਿਰ bens ਸਟੇਜਾਂ ‘ਤੇ ਹੰਕਾਰ ਦਿਖਾਉਂਦੇ ਸੀ। ਇਹਨਾਂ ਨੂੰ ਵਾਧੂ ਆਤਮਵਿਸ਼ਵਾਸ ਸੀ ਕਿ ਅਸੀਂ ਜਿਤਾਂਗੇ ਪਰ ਲੋਕਾਂ ਨੇ ਇਹਨਾਂ ਨੂੰ ਜਵਾਬ ਦਿੱਤਾ ਹੈ। ਆਮ ਘਰਾਂ ਦੇ ਧੀਆਂ ਪੁੱਤਾਂ ਤੋਂ ਇਹਨਾਂ ਨੂੰ ਦੁੱਖ ਹੁੰਦਾ ਹੈ ਕਿਉਂਕਿ ਇਹਨਾਂ ਨੇ ਆਪਣੇ ਧੀਆਂ ਪੁੱਤਾਂ ਨੂੰ ਅੱਗੇ ਕਰਨਾ ਸੀ। ਜਲੰਧਰ ਦੇ ਲੋਕਾਂ ਨੇ ਬਟਨ ਇੱਕ ਦੱਬਿਆ ਤਾਂ ਕਈਆਂ ਦੇ ਮੂੰਹ ਬੰਦ ਹੋ ਗਏ ਹਨ। ਪੰਜਾਬ ਦਾ ਖਜ਼ਾਨਾ ਖਾਲੀ ਕਰਨ ਵਾਲਿਆਂ ਨੂੰ ਕਾਨੂੰਨ ਰਾਹੀਂ ਸਜ਼ਾ ਦਿਵਾਈ ਜਾਵੇਗੀ। ਲੋਕ ਇਹਨਾਂ ਦੇ ਨਕਾਰਾਤਮਕ ਪ੍ਰਚਾਰ ਤੋਂ ਬਚਣ।
ਮਾਨ ਨੇ ਵਿਰੋਧੀ ਧਿਰ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਕਿ 35 ਫੀਸਦੀ ਵੋਟ ਆਪ ਨੂੰ ਪਈ ਹੈ,ਦਾ ਵੀ ਜਵਾਬ ਦਿੱਤਾ ਹੈ ਤੇ ਕਿਹਾ ਹੈ ਕਿ ਇਹ ਗੱਲ ਕਹਿਣ ਵਾਲੇ ਮੋਦੀ ਦੀ 2014 ਦੀ ਵੋਟ ਯਾਦ ਕਰ ਲੈਣ ਜਦੋਂ ਉਹਨਾਂ ਨੂੰ 22 ਫੀਸਦੀ ਵੋਟ ਪਈ ਸੀ।
ਮੁੱਖ ਮੰਤਰੀ ਮਾਨ ਨੇ ਸੁਖਬੀਰ ਬਾਦਲ ਤੇ ਤੰਜ ਕਸਿਆ ਕਿ ਜਿੰਨੀ ਕੁ ਅਕਲ ਹੈ,ਉਹਨਾਂ ਉਨੀਂ ਕੁ ਵਰਤਣੀ ਹੈ।ਮਜੀਠੀਆ ਬਾਰੇ ਉਹਨਾਂ ਇਹ ਕਿਹਾ ਹੈ ਕਿ ਹੁਣ ਮੈਂ ਇਹਨਾਂ ਲੋਕਾਂ ਦੀਆਂ ਗੱਲਾਂ ਦਾ ਧਿਆਨ ਦੇਵਾਂ,ਜਿਹਨਾਂ ਨੇ ਜਲਿਆਂਵਾਲੇ ਕਾਤਲਾਂ ਨੂੰ ਘਰੇ ਰੋਟੀ ‘ਤੇ ਸੱਦ ਕੇ ਸਨਮਾਨਿਤ ਕੀਤਾ ਸੀ। ਅੰਮ੍ਰਿਤਸਰ ਵਿੱਚ ਹੋਈਆਂ ਚੋਣਾਂ ਵਿੱਚ ਇਹ ਆਪਸ ਵਿੱਚ ਲੜਦੇ ਰਹਿ ਗਏ ਪਰ ਲੋਕਾਂ ਨੇ ਹੋਰਾਂ ਨੂੰ ਵੋਟਾਂ ਪਾ ਦਿੱਤੀਆਂ ।ਮਾਨ ਨੇ ਦਾਅਵਾ ਕੀਤਾ ਹੈ ਕਿ ਇਹਨਾਂ ਕੋਲੋਂ ਪੰਜਾਬੀ ਦਾ ਅਖ਼ਬਾਰ ਨਹੀਂ ਪੜ ਹੋਣਾ ਤੇ ਇਹ ਮੈਨੂੰ ਮਾਤ ਭਾਸ਼ਾ ਤੇ ਬੋਲਣ ਦੀ ਤਹਿਜ਼ੀਬ ਦਾ ਉਪਦੇਸ਼ ਦੇ ਰਹੇ ਹਨ।
ਉਹਨਾਂ ਮਨਪ੍ਰੀਤ ਬਾਦਲ ਦੇ ਸੁਖਬੀਰ ਬਾਦਲ ਤੇ ਹਾਸ ਰਾਸ ਭਰੇ ਅੰਦਾਜ਼ ਵਿੱਚ ਵਾਰ ਕਰਦਿਆਂ ਕਿਹਾ ਇਹਨਾਂ ਦੀ ਕੰਧ ਸਾਂਝੀ ਹੈ ਪਰ ਝੰਡੇ ਅਲਗ ਹਨ ਤੇ ਉਧਰ ਕਾਦੀਆਂ ਬਾਜਵਾ ਸਾਹਿਬ ਦੇ ਘਰ ਦੀਆਂ ਦੋ ਮੰਜਿਲਾਂ ਵਿੱਚ ਅਲੱਗ ਅਲੱਗ ਪਾਰਟੀਆਂ ਦੇ ਝੰਡੇ ਝੂਲਦੇ ਹਨ। ਹੁਣ ਇਹ ਦੱਸਣਗੇ ਕਿ ਪੰਜਾਬ ਨੂੰ ਕਿਵੇਂ ਚਲਾਉਣਾ ਹੈ।ਪੰਜਾਬ ਦੇ ਆਮ ਲੋਕਾਂ ਦਾ ਦਰਦ ਮਹਿੰਗੀਆਂ ਗੱਡੀਆਂ ਤੇ ਵੱਡੇ ਸਕੂਲਾਂ ‘ਚ ਪੜਨ ਵਾਲੇ ਨਹੀਂ ਸਮਝ ਸਕਦੇ।