Punjab

“ਚੰਨੀ ਦਾ ਹਾਲੇ ਸਿਰਫ ਚਾਹ ਪਾਣੀ ਦਾ ਖਰਚਾ ਹੀ ਦੇਖਿਆ ਹੈ,ਅੱਗੇ ਦੇਖਿਉ,ਕੀ ਹੁੰਦਾ ਹੈ?” ਭਗਵੰਤ ਸਿੰਘ ਮਾਨ

ਸੰਗਰੂਰ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਜੀਲੈਂਸ ਦੀ ਕਾਰਵਾਈ ਹੋਣ ਦੇ ਆਸਾਰ ‘ਤੇ ਤੰਜ ਕੱਸਿਆ ਹੈ ਤੇ ਕਿਹਾ ਹੈ ਕਿ ਚੰਨੀ ਦਾ ਹਾਲੇ ਸਿਰਫ ਚਾਹ ਪਾਣੀ ਦਾ ਖਰਚਾ ਹੀ ਦੇਖਿਆ ਹੈ,ਅੱਗੇ ਦੇਖਿਉ,ਕੀ ਹੁੰਦਾ ਹੈ? ਹਾਲੇ ਚਾਹਾਂ ,ਕਚੌਰੀਆਂ ਤੇ ਥਾਲੀਆਂ ਦੇ ਰੇਟ ਨਿਕਲੇ ਹਨ,ਅੱਗੇ ਜਾ ਕੇ ਹੋਰ ਵੀ ਰੇਟ ਨਿਕਲਣਗੇ।ਮੁੱਖ ਮੰਤਰੀ ਮਾਨ ਦੀ ਇਹ ਟਿਪਣੀ ਮਸਤੂਆਣਾ ਸਾਹਿਬ ਵਿੱਚ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਈ ਹੈ।

ਭਗਵੰਤ ਸਿੰਘ ਮਾਨ,ਮੁੱਖ ਮੰਤਰੀ ਪੰਜਾਬ

ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਵਿਜੀਲੈਂਸ ਦੇ ਰਡਾਰ ‘ਤੇ ਹਨ । ਦੱਸ ਦਈਏ ਕਿ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਚਮਕੌਰ ਸਾਹਿਬ ਵਿਖੇ 19 ਨਵੰਬਰ 2021 ਨੂੰ ਉਦਘਾਟਨ ਕੀਤੇ ਗਏ ਦਾਸਤਾਨ-ਏ-ਸ਼ਹਾਦਤ ਥੀਮ ਪਾਰਕ ਦੇ ਉਦਘਾਟਨੀ ਸਮਾਰੋਹ ਦੇ ਪ੍ਰਬੰਧਾਂ ਵਿੱਚ ਭ੍ਰਿਸ਼ਟਾਚਾਰ ਹੋਇਆ ਸੀ । ਦੋਸ਼ ਲਾਇਆ ਗਿਆ ਸੀ ਕਿ ਇਹ ਭ੍ਰਿਸ਼ਟਾਚਾਰ ਚਰਨਜੀਤ ਸਿੰਘ ਚੰਨੀ ਦੇ ਬੇਟੇ ਦੇ ਵਿਆਹ ਦੇ ਖਰਚੇ ਨੂੰ ਐਡਜਸਟ ਕਰਨ ਲਈ ਕੀਤਾ ਗਿਆ ਸੀ।
ਬਠਿੰਡਾ ਦੇ ਪਿੰਡ ਭਾਗੂ ਦੇ ਵਸਨੀਕ ਰਾਜਵਿੰਦਰ ਸਿੰਘ ਨੇ ਇਸ ਸਬੰਧੀ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਹੈ, ਜਿਸ ਵਿੱਚ ਉਸ ਨੇ ਕਿਹਾ ਹੈ ਕਿ ਇਸ ਉਦਘਾਟਨੀ ਸਮਾਰੋਹ ’ਤੇ 1 ਕਰੋੜ 47 ਲੱਖ ਰੁਪਏ ਖਰਚ ਕੀਤੇ ਗਏ, ਜੋ ਕਿ ਮਾਰਕੀਟ ਰੇਟ ਤੋਂ ਵੱਧ ਹਨ। ਇਸ ਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਕੋਲ ਪਹੁੰਚ ਗਈ ਹੈ ਅਤੇ ਏਆਈਜੀ ਪੱਧਰ ਦਾ ਅਧਿਕਾਰੀ ਸ਼ਿਕਾਇਤ ਦੇ ਤੱਥਾਂ ਦੀ ਜਾਂਚ ਕਰ ਰਿਹਾ ਹੈ।