Punjab

ਮੁੱਖ ਮੰਤਰੀ ਮਾਨ ਪਹੁੰਚੇ ਪਟਿਆਲੇੇ ਦੇ ਸਰਕਾਰੀ ਸਕੂਲ,ਬੱਚਿਆਂ ਨੂੰ ਪੁੱਛਿਆ,”ਕਿਹੜੀ ਚੀਜ ਦੀ ਹੈ ਲੋੜ ?”

ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਸਰਕਾਰੀ ਸਕੂਲ ਵਿੱਚ ਮਾਪੇ-ਅਧਿਆਪਕ ਮਿਲਣੀ ਲਈ ਆ ਰਹੇ ਬੱਚੇ ਤੇ ਉਹਨਾਂ ਦੇ ਮਾਂ ਬਾਪ ਦੇ ਨਾਲ ਨਾਲ ਸਟਾਫ ਵਿੱਚ ਵੀ ਖੁਸ਼ੀ ਦੀ ਲਹਿਰ ਸੀ, ਕਿਉਂਕਿ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਸ ਸਕੂਲ ਦਾ ਦੌਰਾ ਕੀਤਾ ਹੈ । ਅੱਜ ਸਕੂਲਾਂ ਦੇ ਵਿਚ ਪੀਟੀਐਮ ਸੀ  ਅਤੇ ਇਸੇ ਦੌਰਾਨ ਹੀ ਬੱਚਿਆਂ ਦੇ ਨਾਲ ਮੁੱਖ ਮੰਤਰੀ ਦੇ ਵਲੋਂ ਗੱਲਬਾਤ ਕੀਤੀ ਗਈ ਅਤੇ ਸਾਫ਼ ਸ਼ਬਦਾਂ ਵਿੱਚ ਪੁੱਛਿਆ ਗਿਆ ਕਿ, ਬੱਚਿਓਂ ਦੱਸੋ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ।

ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮਨੀਸ਼ ਸਿਸੋਦਿਆ ਨੂੰ ਸਰਕਾਰੀ ਸਕੂਲ ‘ਤੇ ਧਿਆਨ ਦੇਣ ‘ਤੇ ਖੁਸ਼ੀ ਜਤਾਈ। ਮਾਪਿਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ  ਕਿਸੇ ਵੀ ਮੁੱਖ ਮੰਤਰੀ ਵਲੋਂ ਸਿੱਖਿਆ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਪਹਿਲੀ ਵਾਰ ਕੋਈ ਕਦਮ ਚੁੱਕਿਆ ਗਿਆ ਹੈ। ਇਥੋਂ ਤੱਕ ਕਿ ਇੱਕ ਬੱਚੇ ਦੀ ਮਾਂ ਨੇ ਕਿਹਾ ਕਿ 30 ਸਾਲ ਬਾਅਦ ਕਿਸੇ ਮੁੱਖ ਮੰਤਰੀ ਨੂੰ ਆਪਣੇ ਅੱਖਾਂ ਸਾਹਮਣੇ ਦੇਖ ਭਰੋਸਾ ਨਹੀਂ ਕਰ ਪਾ ਰਹੀ ਹੈ।

ਵਿਦਿਆਰਥੀਆਂ ਦੇ ਘਰਦਿਆਂ ਨੇ ਸਕੂਲਾਂ ਵਿੱਚ ਆਏ ਨਵੇਂ ਅਧਿਆਪਕਾਂ ਨੂੰ ਸਰਵੋਤਮ ਦੱਸਿਆ। ਉਨ੍ਹਾਂ ਕਿਹਾ ਕਿ ਅੱਜਕਲ ਬੱਚਿਆਂ ਦੀ ਪੜ੍ਹਾਈ ਵੱਲ ਪਹਿਲਾਂ ਨਾਲੋਂ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ। ਸੀਐਮ ਭਗਵੰਤ ਮਾਨ ਅਤੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਵੀ ਕਈ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਤਾਨਿਆ ਨਾਂ ਦੀ ਵਿਦਿਆਰਥਣ ਨੇ ਦੱਸਿਆ ਕਿ ਉਹ ਪੁਲਿਸ ਬਣਨਾ ਚਾਹੁੰਦੀ ਹੈ।

ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ CM ਭਗਵੰਤ ਮਾਨ ਨੇ ਅੰਮ੍ਰਿਤਸਰ ‘ਚ ਹੋਣ ਵਾਲੀ ਜੀ-20 ਕਾਨਫਰੰਸ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਤੇ ਕਿਹਾ ਕਿ ਇਸ ਕਾਨਫਰੰਸ ਦਾ ਵਿਸ਼ਾ ਸਿੱਖਿਆ ਹੈ। ਉਨ੍ਹਾਂ ਕਿਹਾ ਕਿ ਕਾਨਫਰੰਸ ਵਿੱਚ ਭਾਗ ਲੈਣ ਨਾਲ ਬੱਚਿਆਂ ਦਾ ਮਨੋਬਲ ਜ਼ਰੂਰ ਵਧੇਗਾ। ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਵੱਲ ਧਿਆਨ ਦੇਣ ਲਈ ਕਿਹਾ।

ਮਾਨ ਨੇ ਦਾਅਵਾ ਕੀਤਾ ਹੈ ਕਿ ਉਹ ਪੰਜਾਬ ਦੇ ਸਕੂਲਾਂ ਨੂੰ ਪੂਰੇ ਦੇਸ਼ ਵਿੱਚੋਂ ਨੰਬਰ 1 ਬਣਾਉਣਗੇ। ਮਾਨ ਨੇ ਕਿਹਾ ਕਿ ਆਪ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਦੇਣ ਦੇ ਨਾਲ-ਨਾਲ ਬੱਚਿਆਂ ਨੂੰ ਆਈਪੀਐਸ ,ਪੀਸੀਐਸ ਅਤੇ ਆਈਏਐਸ ਅਫ਼ਸਰ ਬਣਾਵੇਗੀ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਕੰਮ ਪਹਿਲੇ ਛੇ ਮਹੀਨਿਆਂ ਵਿੱਚ ਕਰ ਦਿੱਤੇ,ਜੋ ਪਹਿਲੀਆਂ ਸਰਕਾਰਾਂ ਆਪਣੇ ਰਾਜ ਦੌਰਾਨ ਆਖ਼ਰੀ ਛੇ ਮਹੀਨੇ ਵਿੱਚ ਕਰਦੀਆਂ ਸਨ।

ਮਾਨ ਨੇ ਪਿਛਲੀਆਂ ਸਰਕਾਰਾਂ ਨੂੰ ਘੇਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿਰਫ ਲੋਕਾਂ ਨੂੰ ਲੁੱਟਿਆ ਹੈ ਅਤੇ ਉਹ ਕੰਮ ਨਹੀਂ,ਬਸ ਗੱਲਾਂ ਨਾਲ ਸਾਰ ਦਿੰਦੀਆਂ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਗੱਲਾਂ ਨਹੀਂ ਕਰਦੀ ਸਗੋਂ ਕੰਮ ਵੀ ਕਰਕੇ ਦਿਖਾਉਂਦੀ ਹੈ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਦਿਨੀਂ ਕੇਰਲਾ ਅਤੇ ਹੈਦਾਰਾਬਾਦ ਦੇ ਵੱਡੇ ਕਾਰੋਬਾਰੀਆਂ ਨਾਲ ਮੀਟਿੰਗ ਕਰਕੇ ਪੰਜਾਬ ਵਿੱਚ ਇੰਡਸਟਰੀ ਲਿਆਉਣ ਲਈ ਕਿਹਾ ਹੈ। ਮਾਨ ਨੇ ਕਿਹਾ ਕਿ ਇਸ ਇੰਡਸਟਰੀ ਦੇ ਪੰਜਾਬ ‘ਚ ਆਉਣ ਨਾਲ ਸੂਬੇ ਵਿੱਚ ਰੁਜ਼ਗਾਰ ਦੇ ਮੌਕੇ ਮਿਲਣਗੇ। ਮਾਨ ਨੇ ਕਿਹਾ ਜੋ ਪੰਜਾਬ ਲੀਹ ਤੋਂ ਉੱਤਰ ਚੁੱਕਾ ਸੀ ਉਹ ਹੁਣ ਦੁਬਾਰਾ ਲੀਹ ‘ਤੇ ਆਉਣ ਲੱਗਾ ਹੈ।

ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸਕੂਲ ਦੀ ਕੰਧ ‘ਤੇ “ਥਿੰਕ ਬਿਗ” ਲਿਖਿਆ ਹੋਇਆ ਹੈ, ਪਰ ਇਸ ਨੂੰ ਸਿਰਫ਼ ਆਪਣੇ ਬਾਰੇ ਜਾਂ ਸਿਰਫ਼ ਕਿਸੇ ਦੀ ਜਮਾਤ ਬਾਰੇ ਨਹੀਂ ਸੋਚਣਾ ਚਾਹੀਦਾ, ਸਗੋਂ ਆਮ ਹਿੱਤ ਵਿੱਚ ਵੀ ਸੋਚਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੀ ਚੰਗੀ ਹਾਲਤ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਦੇਸ਼ ਉਦੋਂ ਹੀ ਵਿਕਸਤ ਦੇਸ਼ ਬਣੇਗਾ ਜਦੋਂ ਦੇਸ਼ ਦੇ ਸਾਰੇ ਬੱਚੇ ਚੰਗੀ ਸਿੱਖਿਆ ਪ੍ਰਾਪਤ ਕਰਨਗੇ।

ਪੰਜਾਬ ਸਰਕਾਰ ਦੇ ਅਧੀਨ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਵੀ PTM ਹਾਜ਼ਰ ਹੋਣ ਲਈ 2 ਘੰਟੇ ਦੀ ਛੁੱਟੀ ਦਿੱਤੀ ਗਈ ਹੈ। ਇਸ ਨਾਲ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਪਾਠਕ੍ਰਮ ਨਾਲ ਸਬੰਧਤ ਵਿਸ਼ੇਸ਼ਤਾਵਾਂ, ਸੁਧਾਰ ਅਤੇ ਹੋਰ ਪਹਿਲੂਆਂ ‘ਤੇ ਅਧਿਆਪਕ ਨਾਲ ਗੱਲ ਕਰਕੇ ਮੌਜੂਦਾ ਰਿਪੋਰਟ ਨੂੰ ਵੀ ਜਾਣ ਸਕਣਗੇ।

ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਹਾਲ ਹੀ ਵਿੱਚ ਸਕੂਲ ਵਿੱਚ ਸਿੱਖਿਆ ਦੇਣ ਤੋਂ ਇਲਾਵਾ ਹੋਰ ਵਿਭਾਗਾਂ ਅਤੇ ਹੋਰ ਕੰਮਾਂ ਵਿੱਚ ਲੱਗੇ ਸਾਰੇ ਅਧਿਆਪਕਾਂ ਨੂੰ ਵਾਪਸ ਬੁਲਾ ਲਿਆ ਹੈ। ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਸਿਰਫ਼ ਵਿਦਿਆਰਥੀਆਂ ਨੂੰ ਪੜ੍ਹਾਉਣ ‘ਤੇ ਹੀ ਧਿਆਨ ਦੇਣਗੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕੋਈ ਹੋਰ ਕੰਮ ਕਰਨ ਦੀ ਲੋੜ ਨਹੀਂ ਹੈ। ਇਸ ਨਾਲ ਪੰਜਾਬ ਦਾ ਸਿੱਖਿਆ ਮਾਡਲ ਇੱਕ ਮਿਸਾਲ ਵਜੋਂ ਸਾਹਮਣੇ ਆਵੇਗਾ।