ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਰਮਨੀ ਦੌਰੇ ਉੱਤੇ ਗਏ ਹੋਏ ਹਨ। ਜਰਮਨੀ ਵਿੱਚ ਵਪਾਰਕ ਮੇਲੇ ’ਚ ਹਿੱਸਾ ਲੈਣ ਲਈ ਮੁੱਖ ਮੰਤਰੀ ਮਾਨ ਜਰਮਨੀ ਦੇ ਸ਼ਹਿਰ ਮਿਊਨਿਖ ਪੁੱਜ ਗਏ ਹਨ। ਜਰਮਨੀ ਪਹੁੰਚਣ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਕਿਹਾ ,‘ ਉਮੀਦ ਹੈ ਜਰਮਨੀ ਨਾਲ ਪੰਜਾਬ ਦੀ ਵਪਾਰਕ ਸਾਂਝ ਵਿੱਚ ਭਾਰੀ ਵਾਧਾ ਹੋਵੇਗਾ, ਜਿਸ ਨਾਲ ਪੰਜਾਬ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।’ ਮੁੱਖ ਮੰਤਰੀ ਮਾਨ 18 ਸਤੰਬਰ ਤੱਕ ਜਰਮਨੀ ਦਾ ਦੌਰਾ ਕਰਨਗੇ।
ਇਸ ਦੌਰਾਨ ਮੁੱਖ ਮੰਤਰੀ ਨਵਿਆਉਣਯੋਗ ਊਰਜਾ, ਕਾਰ ਨਿਰਮਾਣ, ਫਾਰਮਾਸਿਊਟੀਕਲ, ਸੁਧਰੇ ਹੋਏ ਖੇਤੀ ਅਭਿਆਸਾਂ ਅਤੇ ਹੋਰ ਪ੍ਰਮੁੱਖ ਖੇਤਰਾਂ ਵਿੱਚ ਨਿਵੇਸ਼ ਅਤੇ ਰਣਨੀਤਕ ਗੱਠਜੋੜ ਬਣਾਉਣ ਲਈ ਵਪਾਰਕ ਵਫ਼ਦਾਂ ਅਤੇ ਕੰਪਨੀਆਂ ਦੇ ਮੁਖੀਆਂ ਨਾਲ ਮੁਲਾਕਾਤ ਕਰਨਗੇ। ਸੀਐਮ ਮਾਨ ਮਿਊਨਿਖ, ਫਰੈਂਕਫਰਟ ਅਤੇ ਬਰਲਿਨ ਵਿੱਚ ਆਪਣੇ ਠਹਿਰਾਅ ਦੌਰਾਨ ਬੀਐਮਡਬਲਿਊ, ਬੇਵਾ ਅਤੇ ਹੋਰ ਪ੍ਰਮੁੱਖ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਨਗੇ।
ਮੁੱਖ ਮੰਤਰੀ ਦੇ ਇਸ ਦੌਰੇ ਨਾਲ ਸੂਬੇ ਨੂੰ ਨਿਵੇਸ਼, ਤਕਨੀਕੀ ਜਾਣਕਾਰੀ ਅਤੇ ਜਰਮਨ ਕੰਪਨੀਆਂ ਦੀ ਮੁਹਾਰਤ ਦੇ ਮਾਮਲੇ ਵਿੱਚ ਲਾਭ ਹੋਣ ਦੀ ਸੰਭਾਵਨਾ ਹੈ। ਸੂਬੇ ਨੂੰ ਉਦਯੋਗਿਕ ਹੱਬ ਵਜੋਂ ਉਭਾਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਸੂਬੇ ਨੂੰ ਉਦਯੋਗਿਕ ਵਿਕਾਸ ਦੇ ਉੱਚ ਪੱਧਰ ‘ਤੇ ਲਿਆਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਜਰਮਨੀ ਦੇ ਦੌਰੇ ਨਾਲ ਜਿੱਥੇ ਇੱਕ ਪਾਸੇ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲੇਗਾ, ਉੱਥੇ ਹੀ ਦੂਜੇ ਪਾਸੇ ਰੁਜ਼ਗਾਰ ਦੇ ਨਵੇਂ ਰਾਹ ਵੀ ਖੁੱਲ੍ਹਣਗੇ।